Add parallel Print Page Options

ਹੋਰ ਨੇਮ ਤੇ ਹੁਕਮ

21 ਫ਼ੇਰ ਪਰਮੇਸ਼ੁਰ ਨੇ ਮੂਸਾ ਨੂੰ ਆਖਿਆ, “ਇਹ ਹੋਰ ਨੇਮ ਹਨ ਜਿਹੜੇ ਤੂੰ ਲੋਕਾਂ ਨੂੰ ਦੇਵੇਂਗਾ:

“ਜੇ ਤੁਸੀਂ ਕਿਸੇ ਯਹੂਦੀ ਗੁਲਾਮ ਨੂੰ ਖਰੀਦੋ, ਤਾਂ ਉਹ ਗੁਲਾਮ ਤੁਹਾਡੀ ਸੇਵਾ ਸਿਰਫ਼ 6 ਸਾਲ ਤੱਕ ਕਰੇਗਾ। 6 ਸਾਲਾਂ ਬਾਦ ਉਹ ਅਜ਼ਾਦ ਹੋ ਜਾਵੇਗਾ। ਉਸ ਨੂੰ ਕੁਝ ਵੀ ਅਦਾ ਨਹੀਂ ਕਰਨਾ ਪਵੇਗਾ। ਜੇ ਕੋਈ ਬੰਦਾ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਨਹੀਂ, ਤਾਂ ਜਦੋਂ ਉਹ ਅਜ਼ਾਦ ਹੋਵੇਗਾ, ਉਹ ਆਪਣੀ ਪਤਨੀ ਤੋਂ ਬਿਨਾ ਜਾਵੇਗਾ। ਪਰ ਜੇ ਉਹ ਤੁਹਾਡਾ ਗੁਲਾਮ ਬਣਨ ਸਮੇਂ ਵਿਆਹਿਆ ਹੋਇਆ ਹੈ ਤਾਂ ਜਦੋਂ ਉਸ ਨੂੰ ਅਜ਼ਾਦ ਕੀਤਾ ਜਾਵੇਗਾ ਤਾਂ ਉਹ ਆਪਣੀ ਪਤਨੀ ਨੂੰ ਰੱਖ ਸੱਕਦਾ ਹੈ। ਜੇ ਗੁਲਾਮ ਵਿਆਹਿਆ ਹੋਇਆ ਨਹੀਂ ਹੈ ਤਾਂ ਸੁਆਮੀ ਉਸ ਨੂੰ ਪਤਨੀ ਦੇ ਸੱਕਦਾ ਹੈ। ਜੇ ਉਹ ਪਤਨੀ ਪੁੱਤਰਾਂ ਜਾਂ ਧੀਆਂ ਨੂੰ ਜਨਮ ਦਿੰਦੀ ਹੈ ਤਾਂ ਉਹ ਤੇ ਉਸ ਦੇ ਬੱਚੇ ਸੁਆਮੀ ਦੇ ਹੋਣਗੇ। ਜਦੋਂ ਗੁਲਾਮ ਆਪਣੀ ਨੌਕਰੀ ਦੇ ਵਰ੍ਹੇ ਪੂਰੇ ਕਰ ਲਵੇ ਤਾਂ ਉਸ ਨੂੰ ਆਜ਼ਾਦ ਕਰ ਦਿੱਤਾ ਜਾਵੇਗਾ।

“ਪਰ ਸ਼ਾਇਦ ਗੁਲਾਮ ਇਹ ਨਿਆਂ ਕਰੇ ਕਿ ਉਹ ਆਪਣੇ ਸੁਆਮੀ ਕੋਲ ਰਹਿਣਾ ਚਾਹੁੰਦਾ ਹੈ। ਤਾਂ ਉਸ ਨੂੰ ਕਹਿਣਾ ਚਾਹੀਦਾ ਹੈ, ‘ਮੈਂ ਆਪਣੇ ਸੁਆਮੀ ਨੂੰ ਪਿਆਰ ਕਰਦਾ ਹਾਂ। ਮੈਂ ਆਪਣੀ ਪਤਨੀ ਤੇ ਬੱਚਿਆਂ ਨੂੰ ਪਿਆਰ ਕਰਦਾ ਹਾਂ। ਮੈਂ ਆਜ਼ਾਦ ਨਹੀਂ ਹੋਵਾਂਗਾ-ਮੈਂ ਰੁਕਾਂਗਾ।’ ਜੇ ਅਜਿਹਾ ਵਾਪਰੇ, ਤਾਂ ਸੁਆਮੀ ਨੂੰ ਗੁਲਾਮ ਨੂੰ ਨਿਆਂਕਾਰਾਂ [a] ਦੇ ਸਾਹਮਣੇ ਲਿਆਵੇਗਾ। ਉਹ ਉਸ ਨੂੰ ਕਿਸੇ ਦਰਵਾਜੇ ਜਾਂ ਕਿਸੇ ਚੁਗਾਠ ਦੇ ਕੋਲ ਲਿਆਵੇਗਾ ਅਤੇ ਕਿਸੇ ਤਿੱਖੇ ਔਜ਼ਾਰ ਨਾਲ ਉਸ ਦੇ ਕੰਨ ਵਿੱਚ ਇੱਕ ਸੁਰਾਖ ਕਰੇਗਾ। ਫ਼ੇਰ ਉਹ ਗੁਲਾਮ ਹਮੇਸ਼ਾ ਲਈ ਸੁਆਮੀ ਦੀ ਸੇਵਾ ਕਰੇਗਾ।

“ਜੇ ਕੋਈ ਆਦਮੀ ਆਪਣੀ ਧੀ ਨੂੰ ਇੱਕ ਗੁਲਾਮ ਵਜੋਂ ਵੇਚਣ ਦਾ ਨਿਸ਼ਚਾ ਕਰ ਲਵੇ, ਤਾਂ ਉਸ ਨੂੰ ਅਜ਼ਾਦ ਕਰਨ ਦੀਆਂ ਬਿਧੀਆਂ ਓਹੀ ਨਹੀਂ ਹਨ ਜੋ ਮਰਦ ਗੁਲਾਮਾਂ ਲਈ ਹਨ। ਜੇ ਉਹ ਆਪਣੇ ਸੁਆਮੀ ਨੂੰ ਪ੍ਰਸੰਨ ਨਾ ਕਰੇ, ਉਹ ਉਸ ਔਰਤ ਨੂੰ ਵਾਪਸ ਉਸ ਦੇ ਪਿਤਾ ਕੋਲ ਵੇਚ ਸੱਕਦਾ ਹੈ। ਉਸ ਕੋਲ ਉਸ ਔਰਤ ਨੂੰ ਵਿਦੇਸ਼ੀਆਂ ਨੂੰ ਵੇਚਣ ਦਾ ਕੋਈ ਹੱਕ ਨਹੀਂ। ਜੇ ਸੁਆਮੀ ਨੇ ਔਰਤ ਨੂੰ ਆਪਣੇ ਪੁੱਤਰ ਨਾਲ ਵਿਆਹ ਕਰ ਲੈਣ ਦਾ ਇਕਰਾਰ ਕੀਤਾ ਹੈ ਤਾਂ ਉਸ ਨੂੰ ਗੁਲਾਮ ਵਾਂਗ ਨਹੀਂ ਸਮਝਣਾ ਚਾਹੀਦਾ। ਉਸ ਨੂੰ ਇੱਕ ਧੀ ਵਾਂਗ ਸਮਝਣਾ ਚਾਹੀਦਾ ਹੈ।

10 “ਜੇ ਸੁਆਮੀ ਕਿਸੇ ਦੂਸਰੀ ਔਰਤ ਨਾਲ ਸ਼ਾਦੀ ਕਰਦਾ ਹੈ ਤਾਂ ਉਸ ਨੂੰ ਚਾਹੀਦਾ ਹੈ ਕਿ ਉਹ ਆਪਣੀ ਪਹਿਲੀ ਪਤਨੀ ਨੂੰ ਘੱਟ ਭੋਜਨ ਜਾਂ ਕੱਪੜੇ ਨਾ ਦੇਵੇ। ਅਤੇ ਉਸ ਨੂੰ ਚਾਹੀਦਾ ਹੈ ਉਸ ਨੂੰ ਉਹ ਸਾਰੀਆਂ ਚੀਜ਼ਾਂ ਦੇਣ ਜਾਰੀ ਰੱਖੇ ਜਿਸਦੀ ਉਹ ਸ਼ਾਦੀ ਕਾਰਣ ਅਧਿਕਾਰਨ ਹੈ। 11 ਆਦਮੀ ਨੂੰ ਉਸ ਦੇ ਲਈ ਇਹ ਤਿੰਨ ਗੱਲਾਂ ਜ਼ਰੂਰ ਕਰਨੀਆਂ ਚਾਹੀਦੀਆਂ ਹਨ। ਜੇ ਉਹ ਨਹੀਂ ਕਰਦਾ, ਤਾਂ ਉਹ ਔਰਤ ਅਜ਼ਾਦ ਹੈ ਅਤੇ ਇਸਦਾ ਉਸ ਨੂੰ ਕੋਈ ਮੁੱਲ ਨਹੀਂ ਤਾਰਨਾ ਪਵੇਗਾ। ਉਹ ਉਸ ਆਦਮੀ ਦੀ ਕੁਝ ਵੀ ਦੇਣਦਾਰ ਨਹੀਂ ਹੋਵੇਗੀ।

12 “ਜੇ ਕੋਈ ਬੰਦਾ ਕਿਸੇ ਦੂਸਰੇ ਬੰਦੇ ਨੂੰ ਇੰਨੀ ਜ਼ੋਰ ਨਾਲ ਸੱਟ ਮਾਰਦਾ ਹੈ ਕਿ ਉਹ ਮਰ ਜਾਵੇ, ਤਾਂ ਉਸ ਬੰਦੇ ਨੂੰ ਵੀ ਮਾਰ ਦੇਣ ਚਾਹੀਦਾ ਹੈ। 13 ਪਰ ਜੇ ਕੋਈ ਦੁਰਘਟਨਾ ਵਾਪਰਦੀ ਹੈ ਅਤੇ ਕੋਈ ਬੰਦਾ ਬਿਨਾ ਯੋਜਨਾ ਕਿਸੇ ਨੂੰ ਮਾਰ ਦਿੰਦਾ ਹੈ, ਤਾਂ ਪਰਮੇਸ਼ੁਰ ਨੇ ਇਸ ਨੂੰ ਵਾਪਰਨ ਦਿੱਤਾ। ਮੈਂ ਇੱਕ ਖਾਸ ਥਾਂ ਚੁਣਾਂਗਾ ਜਿੱਥੇ ਉਹ ਸੁਰੱਖਿਆ ਲਈ ਭੱਜ ਸੱਕਦਾ ਹੈ। 14 ਪਰ ਜੇ ਕਿਸੇ ਬੰਦੇ ਨੇ ਕਿਸੇ ਹੋਰ ਬੰਦੇ ਨੂੰ ਮਾਰਨ ਦੀ ਵਿਉਂਤ ਬਣਾਈ ਕਿਉਂ ਕਿ ਉਹ ਗੁੱਸੇ ਵਿੱਚ ਹੈ ਜਾਂ ਉਸ ਨੂੰ ਨਫਰਤ ਕਰਦਾ ਹੈ ਤਾਂ ਕਾਤਲ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਸ ਨੂੰ ਮੇਰੀ ਜਗਵੇਦੀ ਤੋਂ ਦੂਰ ਲੈ ਜਾਓ ਅਤੇ ਮਾਰ ਦਿਓ।

15 “ਕੋਈ ਵੀ ਬੰਦਾ ਜੋ ਆਪਣੇ ਪਿਤਾ ਜਾਂ ਮਾਤਾ ਨੂੰ ਕੁੱਟਦਾ ਹੈ ਉਸ ਨੂੰ ਮਾਰ ਦੇਣਾ ਚਾਹੀਦਾ ਹੈ।

16 “ਜੇ ਕੋਈ ਬੰਦਾ ਕਿਸੇ ਨੂੰ ਚੋਰੀ ਕਰਦਾ ਹੈ ਤਾਂ ਜੋ ਉਸ ਨੂੰ ਗੁਲਾਮ ਵਜੋਂ ਵੇਚ ਸੱਕੇ ਜਾਂ ਉਸ ਨੂੰ ਖੁਦ ਲਈ ਗੁਲਾਮ ਰੱਖ ਲੈਂਦਾ ਹੈ, ਤਾਂ ਉਸ ਬੰਦੇ ਨੂੰ ਮਾਰ ਦੇਣਾ ਚਾਹੀਦਾ ਹੈ।

17 “ਕੋਈ ਵੀ ਜੋ ਆਪਣੇ ਪਿਤਾ ਜਾਂ ਆਪਣੀ ਮਾਂ ਨੂੰ ਸਰਾਪ ਦਿੰਦਾ ਹੈ, ਮਾਰਿਆ ਜਾਣਾ ਚਾਹੀਦਾ ਹੈ।

18 “ਜੇ ਦੋ ਬੰਦੇ ਲੜ ਪੈਣ ਤੇ ਇੱਕ ਜਣਾ ਦੂਸਰੇ ਨੂੰ ਪੱਥਰ ਜਾਂ ਮੁੱਕਾ ਮਾਰ ਦੇਵੇ। (ਤੁਸੀਂ ਉਸ ਬੰਦੇ ਨੂੰ ਕੀ ਸਜ਼ਾ ਦਿਉਂਗੇ? ਜੇ ਉਹ ਬੰਦਾ ਜਿਸਦੇ ਸੱਟ ਵੱਜੀ ਸੀ, ਮਰਿਆ ਨਹੀਂ, ਤਾਂ ਉਸ ਬੰਦੇ ਨੂੰ ਜਿਸਨੇ ਉਸ ਨੂੰ ਕੁੱਟਿਆ ਮਰਨਾ ਨਹੀਂ ਚਾਹੀਦਾ।) 19 ਜੇ ਬੰਦਾ ਫ਼ੱਟੜ ਹੋਇਆ ਅਤੇ ਉਸ ਨੂੰ ਕੁਝ ਦਿਨ ਮੰਜੇ ਤੇ ਪੈਣਾ ਪਵੇ ਤਾਂ ਜਿਸਨੇ ਉਸ ਨੂੰ ਫ਼ੱਟੜ ਕੀਤਾ ਉਹ ਉਸ ਨੂੰ ਆਸਰਾ ਦੇਵੇ। ਜਿਸ ਨੂੰ ਉਸ ਨੂੰ ਫ਼ੱਟੜ ਕੀਤਾ ਉਹ ਉਸ ਦੇ ਵਕਤ ਦੀ ਬਰਬਾਦੀ ਦਾ ਇਵਜ਼ਾਨਾ ਦੇਵੇ। ਉਸ ਬੰਦੇ ਨੂੰ ਉਸ ਨੂੰ ਉਦੋਂ ਤੱਕ ਆਸਰਾ ਦੇਣਾ ਚਾਹੀਦਾ ਹੈ ਜਦੋਂ ਤੱਕ ਕਿ ਉਹ ਪੂਰੀ ਤਰ੍ਹਾਂ ਠੀਕ ਨਹੀਂ ਹੋ ਜਾਂਦਾ।

20 “ਕਈ ਵਾਰੀ ਲੋਕ ਆਪਣੇ ਗੁਲਾਮਾਂ ਜਾਂ ਗੁਲਾਮ ਔਰਤਾਂ ਨੂੰ ਕੁੱਟਦੇ ਹਨ। ਜੇ ਕੁੱਟ ਤੋਂ ਬਾਦ ਗੁਲਾਮ ਮਰ ਜਾਵੇ ਤਾਂ ਕਾਤਲ ਨੂੰ ਜ਼ਰੂਰ ਸਜ਼ਾ ਮਿਲਣੀ ਚਾਹੀਦੀ ਹੈ। 21 ਪਰ ਜੇ ਗੁਲਾਮ ਮਰਦਾ ਨਹੀਂ ਅਤੇ ਕੁਝ ਦਿਨਾਂ ਬਾਦ ਠੀਕ ਹੋ ਜਾਂਦਾ ਹੈ ਤਾਂ ਉਸ ਬੰਦੇ ਨੂੰ ਸਜ਼ਾ ਨਹੀਂ ਮਿਲਣੀ ਚਾਹੀਦੀ। ਕਿਉਂਕਿ ਸੁਆਮੀ ਨੇ ਗੁਲਾਮ ਨੂੰ ਆਪਣੇ ਪੈਸੇ ਨਾਲ ਖਰੀਦਿਆ ਸੀ ਅਤੇ ਗੁਲਾਮ ਉਸੇ ਦਾ ਹੈ।

22 “ਜੇ ਦੋ ਬੰਦੇ ਲੜ ਰਹੇ ਹੋਣ ਅਤੇ ਉਹ ਕਿਸੇ ਗਰਭਵਤੀ ਔਰਤ ਨੂੰ ਜ਼ਖਮੀ ਕਰ ਦੇਣ। ਇਸ ਨਾਲ ਹੋ ਸੱਕਦਾ ਹੈ ਕਿ ਉਹ ਔਰਤ ਸਮੇਂ ਤੋਂ ਪਹਿਲਾਂ ਆਪਣੇ ਬੱਚਿਆਂ ਨੂੰ ਜਨਮ ਦੇਵੇ। ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਨਾ ਹੋਈ ਹੋਵੇ ਤਾਂ ਜਿਸ ਬੰਦੇ ਨੇ ਉਸ ਨੂੰ ਜ਼ਖਮੀ ਕੀਤਾ ਉਸ ਨੂੰ ਜ਼ੁਰਮਾਨਾ ਭਰਨਾ ਚਾਹੀਦਾ ਹੈ। ਔਰਤ ਦਾ ਪਤੀ ਨਿਆਂ ਕਰੇਗਾ ਕਿ ਉਹ ਆਦਮੀ ਕਿੰਨਾ ਇਵਜ਼ਾਨਾ ਦੇਵੇ। ਨਿਆਂਕਾਰ ਉਸ ਬੰਦੇ ਨੂੰ ਇਹ ਨਿਆਂ ਕਰਨ ਵਿੱਚ ਸਹਾਇਤਾ ਦੇਣਗੇ ਕਿ ਜ਼ੁਰਮਾਨਾ ਕਿੰਨਾ ਹੋਣਾ ਚਾਹੀਦਾ ਹੈ। 23 ਪਰ ਜੇ ਔਰਤ ਬੁਰੀ ਤਰ੍ਹਾਂ ਜ਼ਖਮੀ ਹੋਈ ਹੋਵੇ ਤਾਂ, ਜਿਸਨੇ ਉਸ ਨੂੰ ਜ਼ਖਮੀ ਕੀਤਾ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਜੇ ਕੋਈ ਬੰਦਾ ਮਰ ਜਾਂਦਾ ਹੈ ਤਾਂ ਜਿਸਨੇ ਮਾਰਿਆ ਉਸ ਨੂੰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਇੱਕ ਜਾਨ ਦੀ ਕੀਮਤ ਦੂਸਰੀ ਜਾਨ ਨਾਲ ਅਦਾ ਕਰਨੀ ਚਾਹੀਦੀ ਹੈ। 24 ਤੁਹਾਨੂੰ ਅੱਖ ਦੇ ਬਦਲੇ ਅੱਖ, ਦੰਦ ਦੇ ਬਦਲੇ ਦੰਦ, ਹੱਥ ਦੇ ਬਦਲੇ ਹੱਥ, ਪੈਰ ਦੇ ਬਦਲੇ ਪੈਰ, 25 ਸੇਕ ਦੇ ਬਦਲੇ ਸੇਕ, ਝਰੀਟ ਦੇ ਬਦਲੇ ਝਰੀਟ, ਅਤੇ ਜ਼ਖਮ ਦੇ ਬਦਲੇ ਜ਼ਖਮ ਅਦਾ ਕਰਨਾ ਚਾਹੀਦਾ ਹੈ।

26 “ਜੇ ਕੋਈ ਬੰਦਾ ਕਿਸੇ ਗੁਲਾਮ ਦੀ ਅੱਖ ਉੱਤੇ ਸੱਟ ਮਾਰਦਾ ਹੈ ਅਤੇ ਗੁਲਾਮ ਦੀ ਉਹ ਅੱਖ ਅੰਨ੍ਹੀ ਹੋ ਜਾਂਦੀ ਹੈ, ਤਾਂ ਗੁਲਾਮ ਨੂੰ ਅਜ਼ਾਦ ਕਰ ਦੇਣਾ ਚਾਹੀਦਾ ਹੈ। ਉਸਦੀ ਅੱਖ ਉਸਦੀ ਅਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ। 27 ਜੇ ਸੁਆਮੀ ਆਪਣੇ ਗੁਲਾਮ ਦੇ ਮੂੰਹ ਤੇ ਸੱਟ ਮਾਰਦਾ ਹੈ ਅਤੇ ਗੁਲਾਮ ਦਾ ਦੰਦ ਟੁੱਟ ਜਾਂਦਾ ਹੈ, ਤਾਂ ਗੁਲਾਮ ਨੂੰ ਆਜ਼ਾਦ ਕਰ ਦੇਣਾ ਚਾਹੀਦਾ ਹੈ। ਗੁਲਾਮ ਦਾ ਦੰਦ ਗੁਲਾਮ ਦੀ ਆਜ਼ਾਦੀ ਦਾ ਇਵਜ਼ਾਨਾ ਹੈ। ਇਹ ਦਾਸਾਂ ਅਤੇ ਦਾਸੀਆਂ ਦੋਹਾਂ ਬਾਰੇ ਇੱਕ ਸਮਾਨ ਹੈ।

28 “ਜੇ ਕਿਸੇ ਬੰਦੇ ਦਾ ਬਲਦ ਕਸੇ ਆਦਮੀ ਜਾਂ ਔਰਤ ਨੂੰ ਮਾਰ ਦਿੰਦਾ, ਤੁਸੀਂ ਉਸ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਉਸ ਬਲਦ ਨੂੰ ਖਾਧਾ ਨਹੀਂ ਜਾਣਾ ਚਾਹੀਦਾ। ਪਰ ਬਲਦ ਦਾ ਮਾਲਕ ਦੋਸ਼ੀ ਨਹੀਂ ਹੋਵੇਗਾ। 29 ਪਰ ਜੇ ਬਲਦ ਨੇ ਪਹਿਲਾਂ ਵੀ ਲੋਕਾਂ ਨੂੰ ਜ਼ਖਮੀ ਕੀਤਾ ਹੋਵੇ ਅਤੇ ਮਾਲਕ ਨੂੰ ਚਿਤਾਵਨੀ ਮਿਲੀ ਹੋਵੇ ਤਾਂ ਮਾਲਕ ਦੋਸ਼ੀ ਹੋਵੇਗਾ। ਕਿਉਂਕਿ ਉਸ ਨੇ ਬਲਦ ਨੂੰ ਬੰਨ੍ਹ ਕੇ ਜਾਂ ਉਸਦੀ ਥਾਂ ਤੇ ਬੰਦ ਕਰਕੇ ਨਹੀਂ ਰੱਖਿਆ। ਇਸ ਲਈ ਜੇ ਬਲਦ ਕਿਸੇ ਨੂੰ ਮਾਰ ਦਿੰਦਾ, ਤੁਸੀਂ ਬਲਦ ਨੂੰ ਪੱਥਰਾਂ ਨਾਲ ਮਾਰ ਦਿਓ ਅਤੇ ਮਾਲਕ ਨੂੰ ਵੀ ਮਾਰ ਦਿਓ। 30 ਪਰ ਮਰੇ ਹੋਏ ਬੰਦੇ ਦਾ ਪਰਿਵਾਰ ਪੈਸਾ ਪ੍ਰਵਾਨ ਕਰ ਸੱਕਦਾ ਹੈ, ਜੇ ਉਹ ਪੈਸਾ ਲੈ ਲੈਣ ਤਾਂ ਉਹ ਬੰਦਾ ਜਿਸਦਾ ਬਲਦ ਸੀ, ਨਹੀਂ ਮਾਰਿਆ ਜਾਣਾ ਚਾਹੀਦਾ। ਪਰ ਉਸ ਨੂੰ ਓਨਾ ਪੈਸਾ ਜ਼ਰੂਰ ਦੇਣਾ ਚਾਹੀਦਾ ਹੈ ਜਿੰਨਾ ਨਿਆਂਕਾਰ ਆਖੇ।

31 “ਉਸੇ ਨੇਮ ਦੀ ਪਾਲਣਾ ਉਦੋਂ ਵੀ ਕਰਨੀ ਚਾਹੀਦੀ ਹੈ ਜਦੋਂ ਬਲਦ ਕਿਸੇ ਬੰਦੇ ਦੇ ਪੁੱਤਰ ਜਾਂ ਧੀ ਨੂੰ ਮਾਰ ਦੇਵੇ। 32 ਪਰ ਜੇ ਬਲਦ ਕਿਸੇ ਗੁਲਾਮ ਨੂੰ ਮਾਰ ਦੇਵੇ ਤਾਂ ਬਲਦ ਦੇ ਮਾਲਕ ਨੂੰ (ਗੁਲਾਮ ਦੇ) ਮਾਲਕ ਨੂੰ 30 ਚਾਂਦੀ ਦੇ ਸਿੱਕੇ ਦੇਣੇ ਚਾਹੀਦੇ ਹਨ। ਅਤੇ ਬਲਦ ਨੂੰ ਵੀ ਪੱਥਰਾਂ ਨਾਲ ਮਾਰ ਦੇਣਾ ਚਾਹੀਦਾ ਹੈ। ਇਹ ਨੇਮ ਦਾਸਾਂ ਅਤੇ ਦਾਸੀਆਂ ਦੋਹਾਂ ਲਈ ਇੱਕ ਜਿਹਾ ਹੋਵੇਗਾ।

33 “ਹੋ ਸੱਕਦਾ ਹੈ ਕਿ ਕੋਈ ਬੰਦਾ ਖੂਹ ਤੋਂ ਢੱਕਣ ਲਾਹ ਦੇਵੇ ਜਾਂ ਉਹ ਕੋਈ ਟੋਆ ਪੁੱਟੇ ਅਤੇ ਇਸ ਨੂੰ ਢੱਕੇ ਨਾ। ਜੇ ਕਿਸੇ ਹੋਰ ਬੰਦੇ ਦਾ ਜਾਨਵਰ ਆਉਂਦਾ ਹੈ ਅਤੇ ਟੋਏ ਵਿੱਚ ਡਿੱਗ ਪੈਂਦਾ ਹੈ, ਤਾਂ ਟੋਏ ਦਾ ਮਾਲਕ ਦੋਸ਼ੀ ਹੈ। 34 ਜਿਸ ਬੰਦੇ ਦਾ ਟੋਆ ਹੈ ਉਸ ਨੂੰ ਜਾਨਵਰ ਦੀ ਕੀਮਤ ਅਦਾ ਕਰਨੀ ਚਾਹੀਦੀ ਹੈ। ਪਰ ਜਦੋਂ ਉਹ ਜਾਨਵਰ ਦੀ ਕੀਮਤ ਦੇ ਦਿੰਦਾ ਹੈ ਤਾਂ ਉਹ ਜਾਨਵਰ ਦਾ ਸ਼ਰੀਰ ਰੱਖ ਸੱਕਦਾ ਹੈ।

35 “ਜੇ ਕਿਸੇ ਆਦਮੀ ਦਾ ਬਲਦ ਕਿਸੇ ਹੋਰ ਆਦਮੀ ਦੇ ਬਲਦ ਨੂੰ ਮਾਰ ਦੇਵੇ ਤਾਂ ਉਨ੍ਹਾਂ ਨੂੰ ਜਿਉਂਦਾ ਬਲਦ ਵੇਚ ਦੇਣਾ ਚਾਹੀਦਾ ਹੈ। ਦੋਹਾਂ ਆਦਮੀਆਂ ਨੂੰ ਬਲਦ ਵੇਚਕੇ ਮਿਲੇ ਪੈਸੇ ਦਾ ਅੱਧਾ-ਅੱਧਾ ਹਿੱਸਾ ਮਿਲਣਾ ਚਾਹੀਦਾ ਹੈ ਅਤੇ ਦੋਵੇਂ ਆਦਮੀ ਮਰੇ ਹੋਏ ਬਲਦ ਦਾ ਸ਼ਰੀਰ ਵੀ ਅੱਧਾ-ਅੱਧਾ ਹਿੱਸਾ ਲੈਣਗੇ। 36 ਪਰ ਜੇ ਉਸ ਆਦਮੀ ਦੇ ਬਲਦ ਨੇ ਪਹਿਲਾਂ ਵੀ ਹੋਰ ਜਾਨਵਰਾਂ ਨੂੰ ਜ਼ਖਮੀ ਕੀਤਾ ਹੋਵੇ ਤਾਂ ਮਾਲਕ ਆਪਣੇ ਬਲਦ ਲਾਈ ਜ਼ਿੰਮੇਵਾਰ ਹੈ। ਜੇ ਉਸਦਾ ਬਲਦ ਕਿਸੇ ਹੋਰ ਬਲਦ ਨੂੰ ਮਾਰ ਦਿੰਦਾ ਹੈ। ਤਾਂ ਉਹ ਦੋਸ਼ੀ ਹੈ ਕਿਉਂਕਿ ਉਸ ਨੇ ਬਲਦ ਖੁਲ੍ਹਾ ਛੱਡਿਆ। ਉਸ ਆਦਮੀ ਨੂੰ ਬਲਦ ਬਦਲੇ ਬਲਦ ਦੇਣਾ ਪਵੇਗਾ। ਉਸ ਨੂੰ ਆਪਣਾ ਬਲਦ ਮਰੇ ਹੋਏ ਬਲਦ ਬਦਲੇ ਦੇਣਾ ਪਵੇਗਾ।

Footnotes

  1. ਕੂਚ 21:6 ਨਿਆਂਕਾਰਾਂ ਮੂਲਅਰਥ “ਪਰਮੇਸੂਰ” ਜਾਂ “ਦੇਵਤੇ”।