Add parallel Print Page Options

ਯਿਰਮਿਯਾਹ ਦੇ ਪ੍ਰਚਾਰ ਦਾ ਸਾਰ

25 ਇਹ ਉਹ ਸੰਦੇਸ਼ ਹੈ ਜਿਹੜਾ ਯਿਰਮਿਯਾਹ ਨੂੰ ਯਹੂਦਾਹ ਦੇ ਸਾਰੇ ਲੋਕਾਂ ਨਾਲ ਸੰਬੰਧਿਤ ਮਿਲਿਆ। ਇਹ ਸੰਦੇਸ਼ ਯਹੂਦਾਹ ਦੇ ਰਾਜੇ ਯਹੋਯਾਕੀਮ ਦੇ ਰਾਜ ਦੇ ਚੌਬੇ ਵਰ੍ਹੇ ਵਿੱਚ ਆਇਆ। ਯਹੋਯਾਕੀਮ ਯੋਸ਼ੀਯਾਹ ਦਾ ਪੁੱਤਰ ਸੀ। ਉਸ ਦੇ ਰਾਜ ਦਾ ਚੌਬਾ ਵਰ੍ਹਾ ਬਾਬਲ ਦੇ ਰਾਜੇ ਨਬੂਕਦਨੱਸਰ ਦੇ ਰਾਜ ਦਾ ਪਹਿਲਾ ਵਰ੍ਹਾ ਸੀ। ਇਹ ਸੰਦੇਸ਼ ਸੀ ਜਿਹੜਾ ਨਬੀ ਯਿਰਮਿਯਾਹ ਨੇ ਯਹੂਦਾਹ ਦੇ ਸਮੂਹ ਲੋਕਾਂ ਅਤੇ ਯਰੂਸ਼ਲਮ ਦੇ ਸਮੂਹ ਲੋਕਾਂ ਨੂੰ ਸੁਣਾਇਆ।

ਮੈਂ ਤੁਹਾਨੂੰ ਇਨ੍ਹਾਂ 23 ਸਾਲਾਂ ਦੌਰਾਨ ਬਾਰ-ਬਾਰ ਯਹੋਵਾਹ ਦੇ ਸੰਦੇਸ਼ ਦਿੰਦਾ ਰਿਹਾ ਹਾਂ। ਮੈਂ ਯਹੂਦਾਹ ਦੇ ਰਾਜੇ, ਆਮੋਨ ਦੇ ਪੁੱਤਰ ਯੋਸ਼ੀਯਾਹ ਦੇ ਰਾਜ ਦੇ 13 ਵੇਂ ਵਰ੍ਹੇ ਤੋਂ ਨਬੀ ਰਿਹਾ ਹਾਂ। ਉਦੋਂ ਤੋਂ ਲੈ ਕੇ ਹੁਣ ਤੀਕ ਮੈਂ ਤੁਹਾਨੂੰ ਯਹੋਵਾਹ ਦੇ ਸੰਦੇਸ਼ ਦਿੰਦਾ ਰਿਹਾ ਹਾਂ। ਪਰ ਤੁਸੀਂ ਸੁਣਿਆ ਨਹੀਂ। ਯਹੋਵਾਹ ਨੇ ਤੁਹਾਡੇ ਵੱਲ ਆਪਣੇ ਸੇਵਕ ਨਬੀ ਬਾਰ-ਬਾਰ ਭੇਜੇ ਹਨ। ਪਰ ਤੁਸੀਂ ਉਨ੍ਹਾਂ ਦੀ ਗੱਲ ਨਹੀਂ ਸੁਣੀ। ਤੁਸੀਂ ਉਨ੍ਹਾਂ ਵੱਲ ਕੋਈ ਧਿਆਨ ਨਹੀਂ ਦਿੱਤਾ।

ਉਨ੍ਹਾਂ ਨਬੀਆਂ ਨੇ ਆਖਿਆ ਸੀ, “ਬਦਲੋ ਆਪਣੀਆਂ ਜ਼ਿੰਦਗੀਆਂ! ਹਟ ਜਾਓ ਮੰਦੀਆਂ ਗੱਲਾਂ ਕਰਨ ਤੋਂ! ਜੇ ਤੁਸੀਂ ਬਦਲ ਜਾਓਗੇ, ਤਾਂ ਤੁਸੀਂ ਉਸ ਧਰਤੀ ਉੱਤੇ ਵਾਪਸ ਪਰਤ ਸੱਕੋਗੇ ਜਿਹੜੀ ਯਹੋਵਾਹ ਨੇ ਬਹੁਤ ਸਮਾਂ ਪਹਿਲਾਂ ਤੁਹਾਨੂੰ ਅਤੇ ਤੁਹਾਡੇ ਪੁਰਖਿਆਂ ਨੂੰ ਦਿੱਤੀ ਸੀ। ਉਸ ਨੇ ਇਹ ਧਰਤੀ ਤੁਹਾਨੂੰ ਰਹਿਣ ਵਾਸਤੇ ਸਦਾ ਲਈ ਦਿੱਤੀ ਸੀ। ਹੋਰਨਾਂ ਦੇਵਤਿਆਂ ਦੇ ਅਨੁਯਾਈ ਨਾ ਬਣੋ। ਉਨ੍ਹਾਂ ਦੀ ਸੇਵਾ ਜਾਂ ਉਪਾਸਨਾ ਨਾ ਕਰੋ। ਉਨ੍ਹਾਂ ਬੁੱਤਾਂ ਦੀ ਉਪਾਸਨਾ ਨਾ ਕਰੋ ਜਿਨ੍ਹਾਂ ਨੂੰ ਕਿਸੇ ਬੰਦੇ ਨੇ ਬਣਾਇਆ ਹੈ। ਇਹ ਗੱਲ ਸਿਰਫ਼ ਮੈਨੂੰ ਤੁਹਾਡੇ ਲਈ ਗੁੱਸਾ ਦਿਵਾਉਂਦੀ ਹੈ। ਇਹ ਗੱਲ ਕਰਕੇ ਤੁਸੀਂ ਸਿਰਫ਼ ਆਪਣੇ ਆਪ ਨੂੰ ਦੁੱਖ ਦਿੰਦੇ ਹੋ।”

“ਪਰ ਤੁਸੀਂ ਮੇਰੀ ਗੱਲ ਨਹੀਂ ਸੁਣੀ”-ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਤੁਸੀਂ ਉਨ੍ਹਾਂ ਬੁੱਤਾਂ ਦੀ ਉਪਾਸਨਾ ਕੀਤੀ ਜਿਨ੍ਹਾਂ ਨੂੰ ਕਿਸੇ ਨੇ ਬਣਾਇਆ ਸੀ। ਅਤੇ ਇਸ ਨਾਲ ਮੈਨੂੰ ਗੁੱਸਾ ਚੜ੍ਹਿਆ। ਅਤੇ ਇਸਨੇ ਸਿਰਫ਼ ਤੁਹਾਨੂੰ ਦੁੱਖ ਦਿੱਤਾ।”

ਇਸ ਲਈ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ, “ਤੁਸੀਂ ਮੇਰੇ ਸੰਦੇਸ਼ਾਂ ਨੂੰ ਨਹੀਂ ਸੁਣਿਆ। ਇਸ ਲਈ ਛੇਤੀ ਹੀ ਮੈਂ ਉੱਤਰ ਦੇ ਸਾਰੇ ਪਰਿਵਾਰ-ਸਮੂਹਾਂ ਨੂੰ ਸੱਦਾਂਗਾ” ਇਹ ਸੰਦੇਸ਼ ਯਹੋਵਾਹ ਵੱਲੋਂ ਹੈ-“ਛੇਤੀ ਹੀ ਮੈਂ ਬਾਬਲ ਦੇ ਰਾਜੇ ਨਬੂਕਦਨੱਸਰ ਨੂੰ ਸੱਦਾਂਗਾ। ਉਹ ਮੇਰਾ ਸੇਵਕ ਹੈ। ਮੈਂ ਉਨ੍ਹਾਂ ਲੋਕਾਂ ਨੂੰ ਯਹੂਦਾਹ ਦੀ ਧਰਤੀ ਅਤੇ ਯਹੂਦਾਹ ਦੇ ਲੋਕਾਂ ਦੇ ਖਿਲਾਫ਼ ਸੱਦ ਲਿਆਵਾਂਗਾ। ਮੈਂ ਉਨ੍ਹਾਂ ਨੂੰ ਤੁਹਾਡੇ ਆਲੇ-ਦੁਆਲੇ ਦੀਆਂ ਸਾਰੀਆਂ ਕੌਮਾਂ ਦੇ ਵਿਰੁੱਧ ਵੀ ਸੱਦ ਬੁਲਾਵਾਂਗਾ। ਮੈਂ ਉਨ੍ਹਾਂ ਸਾਰੇ ਦੇਸ਼ਾਂ ਨੂੰ ਤਬਾਹ ਕਰ ਦਿਆਂਗਾ। ਮੈਂ ਉਨ੍ਹਾਂ ਧਰਤੀਆਂ ਨੂੰ ਹਮੇਸ਼ਾ ਲਈ ਸਖਣੇ ਮਾਰੂਬਲ ਵਾਂਗ ਬਣਾ ਦਿਆਂਗਾ। ਲੋਕ ਉਨ੍ਹਾਂ ਦੇਸ਼ਾਂ ਨੂੰ ਦੇਖਣਗੇ, ਅਤੇ ਇਹ ਦੇਖਕੇ ਸੀਟੀਆਂ ਮਾਰਨਗੇ ਕਿ ਉਹ ਕਿੰਨੀ ਬੁਰੀ ਤਰ੍ਹਾਂ ਤਬਾਹ ਹੋ ਗਏ ਸਨ। 10 ਮੈਂ ਉਨ੍ਹਾਂ ਥਾਵਾਂ ਉੱਤੇ ਖੁਸ਼ੀ ਮਨਾਉਣ ਦੀਆਂ ਆਵਾਜ਼ਾਂ ਨੂੰ ਖਤਮ ਕਰ ਦਿਆਂਗਾ। ਉੱਥੇ ਲਾੜੇ ਲਾੜੀ ਦੀਆਂ ਖੁਸ਼ੀ ਭਰੀਆਂ ਆਵਾਜ਼ਾਂ ਫ਼ੇਰ ਨਹੀਂ ਸੁਣਾਈ ਦੇਣਗੀਆਂ। ਮੈਂ ਲੋਕਾਂ ਦੇ ਆਟਾ ਪੀਹਣ ਦੀਆਂ ਆਵਾਜ਼ਾਂ ਨੂੰ ਦੂਰ ਕਰ ਦਿਆਂਗਾ। ਮੈਂ ਦੀਵੇ ਵਿੱਚੋਂ ਰੌਸ਼ਨੀ ਖੋਹ ਲਵਾਂਗਾ। 11 ਉਹ ਸਾਰਾ ਇਲਾਕਾ ਸਖਣਾ ਮਾਰੂਬਲ ਹੋਵੇਗਾ। ਉਹ ਸਾਰੇ ਲੋਕ 70 ਵਰ੍ਹਿਆਂ ਤੀਕ ਬਾਬਲ ਦੇ ਰਾਜੇ ਦੇ ਗੁਲਾਮ ਬਣੇ ਰਹਿਣਗੇ।

12 “ਪਰ ਜਦੋਂ 70 ਵਰ੍ਹੇ ਬੀਤ ਜਾਣਗੇ, ਮੈਂ ਬਾਬਲ ਦੇ ਰਾਜੇ ਨੂੰ ਸਜ਼ਾ ਦਿਆਂਗਾ। ਮੈਂ ਬਾਬਲ ਦੀ ਕੌਮ ਨੂੰ ਸਜ਼ਾ ਦਿਆਂਗਾ।” ਇਹ ਯਹੋਵਾਹ ਵੱਲੋਂ ਸੰਦੇਸ਼ ਹੈ-“ਮੈਂ ਬਾਬਲ ਵਾਸੀਆਂ ਦੀ ਧਰਤੀ ਨੂੰ ਉਨ੍ਹਾਂ ਦੇ ਪਾਪਾਂ ਦੀ ਸਜ਼ਾ ਦਿਆਂਗਾ। ਮੈਂ ਉਸ ਧਰਤੀ ਨੂੰ ਸਦਾ ਲਈ ਮਾਰੂਬਲ ਬਣਾ ਦਿਆਂਗਾ। 13 ਮੈਂ ਆਖਿਆ ਹੈ ਕਿ ਬਾਬਲ ਉੱਤੇ ਬਹੁਤ ਸਾਰੀਆਂ ਮਾੜੀਆਂ ਗੱਲਾਂ ਵਾਪਰਨਗੀਆਂ। ਉਹ ਸਾਰੀਆਂ ਗੱਲਾਂ ਵਾਪਰਨਗੀਆਂ। ਯਿਰਮਿਯਾਹ ਨੇ ਉਨ੍ਹਾਂ ਵਿਦੇਸ਼ੀ ਕੌਮਾਂ ਬਾਰੇ ਪ੍ਰਚਾਰ ਕੀਤਾ ਸੀ। ਅਤੇ ਉਹ ਸਾਰੀਆਂ ਚੇਤਾਵਨੀਆਂ ਇਸ ਪੁਸਤਕ ਅੰਦਰ ਲਿਖੀਆਂ ਹੋਈਆਂ ਹਨ। 14 ਹਾਂ, ਬਾਬਲ ਦੇ ਲੋਕਾਂ ਨੂੰ ਬਹੁਤ ਕੌਮਾਂ ਅਤੇ ਬਹੁਤ ਮਹਾਨ ਰਾਜਿਆਂ ਦੀ ਸੇਵਾ ਕਰਨੀ ਪਵੇਗੀ। ਉਨ੍ਹਾਂ ਨੂੰ ਉਨ੍ਹਾਂ ਦੇ ਅਮਲਾਂ ਦੀ ਉਹ ਸਜ਼ਾ ਦਿਆਂਗਾ ਜਿਸਦੇ ਉਹ ਅਧਿਕਾਰੀ ਹਨ।”

ਦੁਨੀਆਂ ਦੀਆਂ ਕੌਮਾਂ ਬਾਰੇ ਨਿਆਂ

15 ਯਹੋਵਾਹ, ਇਸਰਾਏਲ ਦੇ ਪਰਮੇਸ਼ੁਰ, ਨੇ ਮੈਨੂੰ ਇਹ ਗੱਲਾਂ ਆਖੀਆਂ, “ਯਿਰਮਿਯਾਹ, ਮੇਰੇ ਹੱਥ ਵਿੱਚੋਂ ਮੇਰੇ ਗੁੱਸੇ ਦੀ ਮੈਅ ਨਾਲ ਭਰਿਆ ਹੋਇਆ ਇਹ ਪਿਆਲਾ ਫ਼ੜ ਲੈ। ਮੈਂ ਇਸ ਨੂੰ ਤੇਰੇ ਕੋਲ ਭੇਜੇ ਗਏ ਦੇਸਾਂ ਨੂੰ ਪਿਲਾਵਾਂਗਾ। 16 ਉਹ ਇਹ ਸ਼ਰਾਬ ਪੀਣਗੇ। ਫ਼ੇਰ ਉਹ ਉਲਟੀਆਂ ਕਰਨਗੇ ਅਤੇ ਪਾਗਲਾਂ ਵਾਲੀਆਂ ਹਰਕਤਾਂ ਕਰਨਗੇ। ਅਜਿਹਾ ਉਹ ਉਸ ਤਲਵਾਰ ਕਾਰਣ ਕਰਨਗੇ ਜਿਹੜੀ ਮੈਂ ਉਨ੍ਹਾਂ ਦੇ ਖਿਲਾਫ਼ ਭੇਜਾਂਗਾ।”

17 ਇਸ ਲਈ ਮੈਂ ਯਹੋਵਾਹ ਦੇ ਹੱਥੋਂ ਸ਼ਰਾਬ ਦਾ ਪਿਆਲਾ ਫ਼ੜ ਲਿਆ। ਮੈਂ ਉਨ੍ਹਾਂ ਕੌਮਾਂ ਵੱਲ ਗਿਆ ਅਤੇ ਉਨ੍ਹਾਂ ਲੋਕਾਂ ਨੂੰ ਉਸ ਪਿਆਲੇ ਵਿੱਚੋਂ ਸ਼ਰਾਬ ਪਿਲਾਈ। 18 ਇਹ ਸ਼ਰਾਬ ਮੈਂ ਯਰੂਸ਼ਲਮ ਅਤੇ ਯਹੂਦਾਹ ਦੇ ਲੋਕਾਂ ਲਈ ਪਾਕੇ ਦਿੱਤੀ। ਮੈਂ ਯਹੂਦਾਹ ਦੇ ਰਾਜਿਆਂ ਅਤੇ ਆਗੂਆਂ ਨੂੰ ਇਸ ਪਿਆਲੇ ਦੀ ਸ਼ਰਾਬ ਪਿਲਾਈ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਉਹ ਸੱਖਣਾ ਮਾਰੂਬਲ ਬਣ ਜਾਣ। ਅਜਿਹਾ ਮੈਂ ਇਸ ਲਈ ਕੀਤਾ ਤਾਂ ਜੋ ਇਹ ਥਾਂ ਇੰਨੀ ਬੁਰੀ ਤਰ੍ਹਾਂ ਤਬਾਹ ਹੋ ਜਾਵੇ ਕਿ ਲੋਕ ਇਸ ਨੂੰ ਦੇਖਕੇ ਸੀਟੀਆਂ ਮਾਰਨ ਅਤੇ ਉਸ ਥਾਂ ਨੂੰ ਸਰਾਪ ਦੇਣ। ਅਤੇ ਅਜਿਹਾ ਹੀ ਵਾਪਰਿਆ-ਯਹੂਦਾਹ ਹੁਣ ਓਸੇ ਵਰਗਾ ਹੀ ਹੈ!

19 ਮੈਂ ਮਿਸਰ ਦੇ ਫਿਰਊਨ ਰਾਜੇ ਨੂੰ ਵੀ ਪਿਆਲੇ ਦੀ ਸ਼ਰਾਬ ਪਿਲਾਈ। ਮੈਂ ਉਸ ਦੇ ਅਧਿਕਾਰੀਆਂ, ਮਹੱਤਵਪੂਰਣ ਆਗੂਆਂ ਅਤੇ ਉਸ ਦੇ ਸਾਰੇ ਬੰਦਿਆਂ ਨੂੰ ਵੀ ਯਹੋਵਾਹ ਦੇ ਕਹਿਰ ਦੇ ਪਿਆਲੇ ਦੀ ਸ਼ਰਾਬ ਪਿਲਾਈ।

20 ਮੈਂ ਉਜ਼ ਦੇ ਸਾਰੇ ਮਿਸ਼ਰਿਤ ਲੋਕਾਂ ਨੂੰ ਅਤੇ ਸਾਰੇ ਰਾਜਿਆਂ ਨੂੰ ਉਸ ਪਿਆਲੇ ਦੀ ਸ਼ਰਾਬ ਪਿਲਾਈ।

ਮੈਂ ਫ਼ਿਲਸਤੀਨ ਦੇਸ ਦੇ ਰਾਜਿਆਂ ਨੂੰ ਪਿਆਲੇ ਦੀ ਸ਼ਰਾਬ ਪਿਲਾਈ। ਇਹ ਅਸ਼ਕਲੋਨ, ਅੱਜ਼ਾਹ, ਅਕਰੋਨ ਅਤੇ ਹੁਣ ਦੇ ਬਚੇ ਖੁਚੇ ਸ਼ਹਿਰ ਅਸ਼ਦੋਦ ਦੇ ਰਾਜੇ ਸਨ।

21 ਫ਼ੇਰ ਮੈਂ ਅਦੋਮ, ਮੋਆਬ ਅਤੇ ਅੰਮੋਨ ਦੇ ਲੋਕਾਂ ਨੂੰ ਪਿਆਲਾ ਪਿਲਾਇਆ।

22 ਮੈਂ ਸੂਰ ਅਤੇ ਸੀਦੋਨ ਦੇ ਰਾਜਿਆਂ ਨੂੰ ਪਿਆਲਾ ਪਿਲਾਇਆ।

ਮੈਂ ਦੂਰ ਦੁਰਾਡੇ ਦੇਸਾਂ ਦੇ ਸਾਰੇ ਰਾਜਿਆਂ ਨੂੰ ਵੀ ਪਿਆਲਾ ਪਿਲਾਇਆ। 23 ਮੈਂ ਦਦਾਨ, ਤੇਮਾ ਅਤੇ ਬੂਜ਼ ਦੇ ਲੋਕਾਂ ਨੂੰ ਪਿਆਲਾ ਪਿਲਾਇਆ ਮੈਂ ਉਨ੍ਹਾਂ ਸਾਰਿਆਂ ਨੂੰ ਵੀ ਪਿਆਲਾ ਪਿਲਾਇਆ ਜਿਹੜੇ ਆਪਣੀਆਂ ਪੁੜਪੜੀਆਂ ਦੇ ਵਾਲ ਕਟਦੇ ਨੇ। 24 ਮੈਂ ਅਰਬ ਦੇ ਸਾਰੇ ਰਾਜਿਆਂ ਨੂੰ ਪਿਆਲਾ ਪਿਲਾਇਆ। ਇਹ ਰਾਜੇ ਮਾਰੂਬਲ ਵਿੱਚ ਰਹਿੰਦੇ ਨੇ। 25 ਮੈਂ ਜ਼ਿਮਰੀ, ਏਲਾਮ ਅਤੇ ਮਾਦਾ ਦੇ ਸਾਰੇ ਰਾਜਿਆਂ ਨੂੰ ਪਿਆਲਾ ਪਿਲਾਇਆ। 26 ਮੈਂ ਉੱਤਰ ਦੇ ਸਾਰੇ ਰਾਜਿਆਂ, ਜਿਹੜੇ ਦੂਰ ਨੇੜੇ ਸਨ, ਨੂੰ ਪਿਆਲਾ ਪਿਲਾਇਆ। ਮੈਂ ਉਨ੍ਹਾਂ ਨੂੰ ਇੱਕ ਦੂਜੇ ਤੋਂ ਬਾਦ ਪਿਆਲਾ ਪਿਲਾਇਆ। ਮੈਂ ਉਨ੍ਹਾਂ ਸਾਰੇ ਰਾਜਾਂ ਨੂੰ ਯਹੋਵਾਹ ਦੇ ਕਹਿਰ ਦਾ ਪਿਆਲਾ ਪਿਲਾਇਆ ਜਿਹੜੇ ਧਰਤੀ ਉੱਤੇ ਹਨ। ਪਰ “ਸ਼ੇਸ਼ਾਕ” ਦਾ ਰਾਜਾ ਇਹ ਪਿਆਲਾ ਉਦੋਂ ਪੀਵੇਗਾ ਜਦੋਂ ਇਹ ਸਾਰੀਆਂ ਕੌਮਾਂ ਪੀਚੁਕਣਗੀਆਂ।

27 “ਯਿਰਮਿਯਾਹ, ਉਨ੍ਹਾਂ ਕੌਮਾਂ ਨੂੰ ਆਖ, ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ, ਇਸਰਾਏਲ ਦੇ ਲੋਕਾਂ ਦਾ ਪਰਮੇਸ਼ੁਰ ਆਖਦਾ ਹੈ, ‘ਮੇਰੇ ਕਹਿਰ ਦੇ ਇਸ ਪਿਆਲੇ ਨੂੰ ਪੀਵੋ। ਇਸ ਨੂੰ ਪੀਕੇ ਬਦਮਸਤ ਹੋ ਜਾਵੋ ਅਤੇ ਉਲਟੀਆਂ ਕਰੋ! ਢਹਿ ਪਵੋ ਅਤੇ ਫ਼ੇਰ ਉੱਠੋ ਨਾ। ਉੱਠੋ ਨਾ ਕਿਉਂ ਕਿ ਮੈਂ ਤੁਹਾਡੇ ਮਾਰਨ ਲਈ ਤਲਵਾਰ ਭੇਜ ਰਿਹਾ ਹਾਂ।’

28 “ਉਹ ਲੋਕ ਤੁਹਾਡੇ ਹੱਥੋਂ ਪਿਆਲਾ ਲੈਣ ਤੋਂ ਇਨਕਾਰ ਕਰ ਦੇਣਗੇ। ਉਹ ਇਸ ਨੂੰ ਪੀਣ ਤੋਂ ਇਨਕਾਰ ਕਰ ਦੇਣਗੇ। ਪਰ ਤੁਸੀਂ ਉਨ੍ਹਾਂ ਨੂੰ ਆਖੋਗੇ, ‘ਸਰਬ ਸ਼ਕਤੀਮਾਨ ਯਹੋਵਾਹ ਇਹ ਗੱਲਾਂ ਆਖਦਾ ਹੈ: ਤੁਸੀਂ ਅਵੱਸ਼ ਇਸ ਪਿਆਲੇ ਨੂੰ ਪੀਵੋਗੇ! 29 ਮੈਂ ਪਹਿਲਾਂ ਹੀ ਯਰੂਸ਼ਲਮ, ਉੱਤੇ ਇਹ ਮਾੜੀਆਂ ਘਟਨਾਵਾਂ ਦੇ ਵਾਪਰਨ ਦਾ ਹੁਕਮ ਦੇ ਰਿਹਾ ਹਾਂ, ਉਸ ਸ਼ਹਿਰ ਉੱਤੇ ਜਿਹੜਾ ਮੇਰੇ ਨਾਮ ਨਾਲ ਸੱਦਿਆ ਜਾਂਦਾ ਹੈ। ਸ਼ਾਇਦ ਤੁਸੀਂ ਲੋਕ ਸੋਚੋ ਕਿ ਤੁਹਾਨੂੰ ਸਜ਼ਾ ਨਹੀਂ ਮਿਲੇਗੀ। ਪਰ ਤੁਸੀਂ ਗ਼ਲਤ ਹੋ। ਤੁਹਾਨੂੰ ਸਜ਼ਾ ਮਿਲੇਗੀ। ਮੈਂ ਧਰਤੀ ਦੇ ਸਾਰੇ ਲੋਕਾਂ ਉੱਤੇ ਹਮਲਾ ਕਰਨ ਲਈ ਤਲਵਾਰ ਨੂੰ ਸੱਦਾ ਦੇ ਰਿਹਾ ਹਾਂ।’” ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

30 “ਯਿਰਮਿਯਾਹ, ਤੁਸੀਂ ਉਨ੍ਹਾਂ ਨੂੰ ਇਹ ਸੰਦੇਸ਼ ਦੇਵੋਗੇ:

‘ਯਹੋਵਾਹ ਉੱਪਰੋਂ ਕੂਕਦਾ ਹੈ।
    ਉਹ ਆਪਣੇ ਪਵਿੱਤਰ ਮੰਦਰ ਤੋਂ ਕੂਕਦਾ ਹੈ!
ਯਹੋਵਾਹ ਆਪਣੇ ਲੋਕਾਂ ਉੱਤੇ ਕੂਕਦਾ ਹੈ!
    ਉਸ ਦੀਆਂ ਕੂਕਾਂ ਉਨ੍ਹਾਂ ਲੋਕਾਂ ਦੇ ਗੀਤ ਵਰਗੀਆਂ ਉੱਚੀਆਂ ਨੇ ਜਿਹੜੇ ਮੈਅ ਲਈ, ਅੰਗੂਰਾਂ ਦੀ ਘਾਣੀ ਕਰਦੇ ਨੇ।
31 ਧਰਤੀ ਦੇ ਸਾਰੇ ਲੋਕਾਂ ਤੀਕ ਸ਼ੋਰ ਫ਼ੈਲਦਾ ਹੈ।
    ਇਹ ਸ਼ੋਰ ਕਿਸ ਬਾਰੇ ਹੈ?
ਯਹੋਵਾਹ ਸਾਰੀਆਂ ਕੌਮਾਂ ਦੇ ਲੋਕਾਂ ਨੂੰ ਸਜ਼ਾ ਦੇ ਰਿਹਾ ਹੈ।
    ਯਹੋਵਾਹ ਸਾਰੇ ਲੋਕਾਂ ਦੇ ਦੇਸ਼ਾਂ ਵਿਰੁੱਧ ਮੁਕੱਦਮਾਂ ਦਾਖਿਲ ਕਰ ਰਿਹਾ ਹੈ।
ਉਸ ਨੇ ਲੋਕਾਂ ਦਾ ਨਿਆਂ ਕੀਤਾ ਹੈ।
    ਅਤੇ ਉਹ ਦੋਸ਼ੀ ਲੋਕਾਂ ਨੂੰ ਤਲਵਾਰ ਨਾਲ ਮਾਰ ਰਿਹਾ ਹੈ।’”
ਇਹ ਸੰਦੇਸ਼ ਯਹੋਵਾਹ ਵੱਲੋਂ ਸੀ।

32 ਇਹੀ ਹੈ ਜੋ ਸਰਬ ਸ਼ਕਤੀਮਾਨ ਯਹੋਵਾਹ ਆਖਦਾ ਹੈ,
“ਬਿਪਤਾਵਾਂ ਛੇਤੀ ਹੀ ਇੱਕ ਦੇਸ਼
    ਤੋਂ ਦੂਸਰੇ ਦੇਸ਼ ਵੱਲ ਫ਼ੈਲਣਗੀਆਂ।
ਉਹ ਧਰਤੀ ਦੇ ਸਾਰੇ ਦੂਰ-ਦੁਰਾਡੇ ਬਾਂਵਾਂ
    ਉੱਤੇ ਤਾਕਤਵਰ ਤੂਫ਼ਾਨ ਵਾਂਗ ਆਉਣਗੀਆਂ!”

33 ਉਨ੍ਹਾਂ ਲੋਕਾਂ ਦੀਆਂ ਲਾਸ਼ਾਂ ਦੇਸ਼ ਦੇ ਇੱਕ ਕੋਨੇ ਤੋਂ ਲੈ ਕੇ ਦੂਸਰੇ ਕੋਨੇ ਤੀਕ ਪਹੁੰਚ ਜਾਣਗੀਆਂ। ਕੋਈ ਬੰਦਾ ਵੀ ਉਨ੍ਹਾਂ ਮਰੇ ਹੋਇਆਂ ਲਈ ਨਹੀਂ ਰੋਵੇਗਾ। ਕੋਈ ਵੀ ਬੰਦਾ ਉਨ੍ਹਾਂ ਦੀਆਂ ਲਾਸ਼ਾਂ ਨੂੰ ਨਹੀਂ ਸਮੇਟੇਗਾ ਅਤੇ ਦਫ਼ਨ ਨਹੀਂ ਕਰੇਗਾ। ਉਹ ਗੋਹੇ ਵਾਂਗ ਧਰਤੀ ਉੱਤੇ ਪਈਆਂ ਰਹਿਣਗੀਆਂ।

34 ਅਯਾਲੀਓ ਤੁਹਾਨੂੰ ਭੇਡਾਂ (ਲੋਕਾਂ) ਦੀ ਅਗਵਾਈ ਕਰਨੀ ਚਾਹੀਦੀ ਹੈ।
    ਵੱਡੇ ਆਗੂਓ ਰੋਣਾ ਸ਼ੁਰੂ ਕਰ ਦਿਓ!
    ਤੁਸੀਂ ਭੇਡਾਂ (ਲੋਕਾਂ) ਦੇ ਆਗੂਓ ਦਰਦ ਨਾਲ ਧਰਤੀ ਉੱਤੇ ਲੇਟਣੀਆਂ ਖਾਓ।
ਕਿਉਂ? ਕਿਉਂ ਕਿ ਹੁਣ ਤੁਹਾਡੇ ਕਤਲ ਦਾ ਸਮਾਂ ਆ ਗਿਆ ਹੈ।
    ਯਹੋਵਾਹ ਤੁਹਾਡੀਆਂ ਭੇਡਾਂ ਨੂੰ ਖਿੰਡਾ ਦੇਵੇਗਾ।
    ਉਹ ਹਰ ਥਾਂ, ਟੁੱਟੇ ਘੜੇ ਦੀਆਂ ਠੀਕਰੀਆਂ ਵਾਂਗ ਖਿੰਡ ਜਾਣਗੇ।
35 ਅਯਾਲੀਆਂ ਲਈ ਲੁਕਣ ਦੀ ਕੋਈ ਥਾਂ ਨਹੀਂ ਹੋਵੇਗੀ।
    ਉਹ ਆਗੂ ਬਚਕੇ ਨਹੀਂ ਜਾਣਗੇ।
36 ਮੈਂ ਅਯਾਲੀਆਂ (ਆਗੂਆਂ) ਦਾ ਸ਼ੋਰ ਸੁਣਦਾ ਹਾਂ।
    ਮੈਂ ਭੇਡਾਂ ਦੇ ਆਗੂਆਂ ਨੂੰ ਰੋਦਿਆਂ ਸੁਣਦਾ ਹਾਂ।
    ਯਹੋਵਾਹ ਉਨ੍ਹਾਂ ਦੀਆਂ ਚਰਾਂਦਾਂ (ਦੇਸ਼) ਨੂੰ ਤਬਾਹ ਕਰ ਰਿਹਾ ਹੈ।
37 ਉਹ ਸ਼ਾਂਵਾਪਰਿਆ ਕਿ
    ਯਹੋਵਾਹ ਕਹਿਰਵਾਨ ਹੈ।
38 ਯਹੋਵਾਹ ਖਤਰਨਾਕ ਸ਼ੇਰ ਵਰਗਾ ਹੈ, ਆਪਣੇ ਮਾਂਦ ਵਿੱਚੋਂ ਨਿਕਲ ਰਿਹਾ,
    ਯਹੋਵਾਹ ਕਹਿਰਵਾਨ ਹੈ!
ਇਹ ਕਹਿਰ ਉਨ੍ਹਾਂ ਲੋਕਾਂ ਨੂੰ ਜ਼ਖਮੀ ਕਰੇਗਾ।
    ਉਨ੍ਹਾਂ ਦਾ ਦੇਸ਼ ਸੱਖਣਾ ਮਾਰੂਬਲ ਹੋਵੇਗਾ।