Add parallel Print Page Options

ਆਪਣੇ ਆਪ ਨੂੰ ਪਰਮੇਸੁਰ ਨੂੰ ਸੌਂਪ ਦਿਓ

ਤੁਹਾਡੇ ਆਪਣੇ ਵਿੱਚਕਾਰ, ਲੜਾਈਆਂ ਅਤੇ ਝਗੜ੍ਹੇ ਹਨ। ਕੀ ਤੁਸੀਂ ਜਾਣਦੇ ਹੋ ਕਿ ਇਹ ਗੱਲਾਂ ਕਿੱਥੋਂ ਆਉਂਦੀਆਂ ਹਨ? ਇਹ ਉਨ੍ਹਾਂ ਖੁਦਗਰਜ਼ ਇੱਛਾਵਾਂ ਤੋਂ ਆਉਂਦੀਆਂ ਹਨ ਜਿਹੜੀਆਂ ਤੁਹਾਡੇ ਅੰਦਰ ਲੜਦੀਆਂ ਹਨ। ਤੁਸੀਂ ਵਸਤਾਂ ਦੀ ਕਾਮਨਾ ਕਰਦੇ ਹੋ, ਪਰ ਤੁਸੀਂ ਉਨ੍ਹਾਂ ਨੂੰ ਪ੍ਰਾਪਤ ਨਹੀਂ ਕਰਦੇ। ਇਸ ਲਈ ਤੁਸੀਂ ਕਤਲ ਕਰਦੇ ਹੋ ਅਤੇ ਦੂਸਰੇ ਲੋਕਾਂ ਨਾਲ ਈਰਖਾ ਕਰਦੇ ਹੋ। ਪਰ ਤੁਸੀਂ ਫ਼ੇਰ ਵੀ ਉਹ ਚੀਜ਼ਾਂ ਪ੍ਰਾਪਤ ਨਹੀਂ ਕਰਦੇ ਜਿਨ੍ਹਾਂ ਦੀ ਤੁਸੀਂ ਕਾਮਨਾ ਕਰਦੇ ਹੋ। ਇਸ ਕਰਕੇ ਤੁਸੀਂ ਲੜਦੇ ਅਤੇ ਝਗੜਦੇ ਹੋ। ਤੁਸੀਂ ਆਪਣੀਆਂ ਮਨ ਇਛਿੱਤ ਚੀਜ਼ਾਂ ਇਸ ਲਈ ਪ੍ਰਾਪਤ ਨਹੀਂ ਕਰਦੇ ਕਿਉਂ ਕਿ ਤੁਸੀਂ ਪਰਮੇਸ਼ੁਰ ਤੋਂ ਨਹੀਂ ਮੰਗਦੇ। ਪਰ ਜਦੋਂ ਤੁਸੀਂ ਮੰਗਦੇ ਹੋ ਤਾਂ ਵੀ ਤੁਹਾਨੂੰ ਨਹੀਂ ਮਿਲਦੀਆਂ। ਕਿਉਂ ਕਿ ਜਿਸ ਲਈ ਤੁਸੀਂ ਮੰਗਦੇ ਹੋ ਉਹ ਗਲਤ ਹੈ। ਤੁਸੀਂ ਇਹ ਚੀਜ਼ਾਂ ਇਸ ਕਰਕੇ ਮੰਗਦੇ ਹੋ ਤਾਂ ਜੋ ਤੁਸੀਂ ਉਨ੍ਹਾਂ ਨੂੰ ਕੇਵਲ ਆਪਣੀ ਪ੍ਰਸੰਨਤਾ ਲਈ ਹੀ ਵਰਤ ਸੱਕੋਂ।

ਇਸ ਲਈ ਤੁਸੀਂ ਲੋਕ ਪਰਮੇਸ਼ੁਰ ਨਾਲ ਵਫ਼ਾਦਾਰ ਨਹੀਂ ਹੋ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਦੁਨੀਆਂ ਨੂੰ ਪਿਆਰ ਕਰਨ ਦਾ ਅਰਥ ਹੈ ਪਰਮੇਸ਼ੁਰ ਨੂੰ ਨਫ਼ਰਤ ਕਰਨਾ। ਇਸ ਲਈ ਜੋ ਵਿਅਕਤੀ ਇਸ ਦੁਨੀਆਂ ਦਾ ਦੋਸਤ ਬਣਨਾ ਚਾਹੁੰਦਾ ਹੈ ਉਹ ਆਪਣੇ ਆਪ ਨੂੰ ਪਰਮੇਸ਼ੁਰ ਦਾ ਦੁਸ਼ਮਣ ਬਣਾ ਲੈਂਦਾ ਹੈ। ਕੀ ਤੁਹਾਡਾ ਖਿਆਲ ਹੈ ਕਿ ਪੋਥੀ ਅਰਥਹੀਣ ਹੈ? ਪੋਥੀ ਆਖਦੀ ਹੈ, “ਉਹ ਆਤਮਾ ਜਿਹੜਾ ਪਰਮੇਸ਼ੁਰ ਨੇ ਸਾਡੇ ਅੰਦਰ ਰਹਿਣ ਲਈ ਬਣਾਇਆ ਉਹ ਸਾਨੂੰ ਸਿਰਫ਼ ਆਪਣੇ ਲਈ ਹੀ ਚਾਹੁੰਦਾ ਹੈ।” [a] ਪਰ ਜਿਹੜੀ ਕਿਰਪਾ ਪਰਮੇਸ਼ੁਰ ਪ੍ਰਦਾਨ ਕਰਦਾ ਹੈ ਇਸ ਤੋਂ ਵਡੇਰੀ ਹੈ। ਜਿਵੇਂ ਪੋਥੀ ਆਖਦੀ ਹੈ, “ਪਰਮੇਸ਼ੁਰ ਹੰਕਾਰੀ ਲੋਕਾਂ ਦੇ ਵਿਰੁੱਧ ਹੈ, ਪਰ ਉਹ ਆਪਣੀ ਕਿਰਪਾ ਨਿਮ੍ਰ ਲੋਕਾਂ ਉੱਤੇ ਕਰਦਾ ਹੈ।” [b]

ਇਸ ਲਈ ਆਪਣੇ ਆਪ ਨੂੰ ਪਰਮੇਸ਼ੁਰ ਨੂੰ ਅਰਪਨ ਕਰ ਦਿਓ। ਸ਼ੈਤਾਨ ਦਾ ਵਿਰੋਧ ਕਰੋ ਅਤੇ ਸ਼ੈਤਾਨ ਤੁਹਾਡੇ ਕੋਲੋਂ ਦੂਰ ਭੱਜ ਜਾਵੇਗਾ। ਪਰਮੇਸ਼ੁਰ ਦੇ ਨੇੜੇ ਆਓ ਅਤੇ ਪਰਮੇਸ਼ੁਰ ਤੁਹਾਡੇ ਨੇੜੇ ਆ ਜਾਵੇਗਾ। ਤੁਸੀਂ ਦੋਸ਼ੀ ਹੋ। ਇਸ ਲਈ ਤੁਹਾਡੇ ਦਿਲਾਂ ਨੂੰ ਆਪਣੀਆਂ ਦੁਸ਼ਟ ਕਰਨੀਆਂ ਤੋਂ ਸਾਫ਼ ਬਣਾਓ ਤੁਸੀਂ ਇੱਕੋ ਵੇਲੇ ਦੁਨੀਆਂ ਅਤੇ ਪਰਮੇਸ਼ੁਰ ਦੇ ਰਾਹ ਤੁਰਨ ਦੀ ਕੋਸ਼ਿਸ਼ ਕਰ ਰਹੇ ਹੋ। ਆਪਣੇ ਵਿੱਚਾਰਾਂ ਨੂੰ ਸ਼ੁੱਧ ਕਰੋ। ਉਦਾਸ ਹੋਵੋ, ਅਫ਼ਸੋਸ ਕਰੋ ਅਤੇ ਰੋਵੋ। ਆਪਣੇ ਹਾਸਿਆਂ ਨੂੰ ਰੋਣ ਵਿੱਚ ਬਦਲ ਦਿਓ, ਆਪਣੀ ਖੁਸ਼ੀ ਨੂੰ ਉਦਾਸੀ ਵਿੱਚ ਬਦਲ ਦਿਓ। 10 ਪਰਮੇਸ਼ੁਰ ਦੇ ਸਨਮੁੱਖ ਆਪਣੇ ਆਪ ਨੂੰ ਨਿਮਾਣੇ ਬਣਾਓ ਅਤੇ ਪਰਮੇਸ਼ੁਰ ਤੁਹਾਨੂੰ ਮਹਾਨ ਬਣਾਵੇਗਾ।

ਤੁਸੀਂ ਮੁਨਸਫ਼ ਨਹੀਂ ਹੋ

11 ਭਰਾਵੋ ਅਤੇ ਭੈਣੋ ਇੱਕ ਦੂਸਰੇ ਦੇ ਖਿਲਾਫ਼ ਗੱਲਾਂ ਨਾ ਕਰੋ। ਜੇ ਤੁਸੀਂ ਮਸੀਹ ਵਿੱਚ ਆਪਣੇ ਕਿਸੇ ਭਰਾ ਦੀ ਨਿੰਦਿਆ ਜਾਂ ਉਸਦਾ ਨਿਰਨਾ ਕਰਦੇ ਹੋ, ਤਾਂ ਇਹ ਸ਼ਰ੍ਹਾ ਦੇ ਖਿਲਾਫ਼ ਬੋਲਣ ਅਤੇ ਸ਼ਰ੍ਹਾ ਦੀ ਆਲੋਚਨਾ ਕਰਨ ਵਾਂਗ ਹੀ ਹੈ ਜਿਸਦਾ ਉਹ ਅਨੁਸਰਣ ਕਰ ਰਿਹਾ ਹੈ। ਜਦੋਂ ਤੁਸੀਂ ਮਸੀਹ ਵਿੱਚ ਕਿਸੇ ਭਰਾ ਬਾਰੇ ਨਿਰਨਾ ਕਰਦੇ ਹੋ ਤਾਂ ਤੁਸੀਂ ਅਸਲ ਵਿੱਚ ਉਸ ਸ਼ਰ੍ਹਾ ਬਾਰੇ ਨਿਰਨਾ ਕਰਦੇ ਹੋ ਜਿਸਦੀ ਉਹ ਪਾਲਣਾ ਕਰਦਾ ਹੈ ਅਤੇ ਜਦੋਂ ਤੁਸੀਂ ਸ਼ਰ੍ਹਾ ਬਾਰੇ ਨਿਰਨਾ ਕਰਦੇ ਹੋ ਤਾਂ ਤੁਸੀਂ ਸ਼ਰ੍ਹਾ ਦੇ ਪਾਲਕ ਨਹੀਂ ਹੋ। ਤੁਸੀਂ ਖੁਦ ਮੁਨਸਫ਼ ਬਣ ਜਾਂਦੇ ਹੋ। 12 ਪਰਮੇਸ਼ੁਰ ਹੀ ਹੈ ਜਿਹੜਾ ਨੇਮਾਂ ਨੂੰ ਬਣਾਉਂਦਾ ਹੈ। ਸਿਰਫ਼ ਉਹੀ ਇੱਕੋ ਇੱਕ ਮੁਨਸਫ਼ ਹੈ। ਇਹ ਸਿਰਫ਼ ਪਰਮੇਸ਼ੁਰ ਹੀ ਹੈ ਜਿਹੜਾ ਬਚਾ ਸੱਕਦਾ ਹੈ ਅਤੇ ਤਬਾਹ ਕਰ ਸੱਕਦਾ ਹੈ। ਇਸ ਲਈ ਤੁਹਾਡੇ ਵਾਸਤੇ ਇਹ ਠੀਕ ਨਹੀਂ ਕਿ ਤੁਸੀਂ ਕਿਸੇ ਦੂਸਰਿਆਂ ਬਾਰੇ ਨਿਆਂ ਕਰੋ।

ਪਰਮੇਸ਼ੁਰ ਨੂੰ ਤੁਹਾਡੇ ਜੀਵਨ ਦੀ ਅਗਵਾਈ ਕਰਨ ਦਿਉ

13 ਤੁਹਾਡੇ ਵਿੱਚੋਂ ਕੁਝ ਆਖਦੇ ਹਨ, “ਅੱਜ ਜਾਂ ਕੱਲ, ਅਸੀਂ ਇਸ ਸ਼ਹਿਰ ਜਾਂ ਉਸ ਸ਼ਹਿਰ ਵਿੱਚ ਜਾਵਾਂਗੇ। ਅਸੀਂ ਉੱਥੇ ਇੱਕ ਸਾਲ ਲਈ ਠਹਿਰਾਂਗੇ, ਕਾਰੋਬਾਰ ਕਰਾਂਗੇ ਅਤੇ ਪੈਸਾ ਕਮਾਵਾਂਗੇ” ਸੁਣੋ। ਇਸ ਬਾਰੇ ਸੋਚੋ। 14 ਤੁਸੀਂ ਇਹ ਨਹੀਂ ਜਾਣਦੇ ਕਿ ਕੱਲ ਨੂੰ ਕੀ ਹੋਵੇਗਾ? ਤੁਹਾਡਾ ਜੀਵਨ ਇੱਕ ਧੁੰਦ ਵਾਂਗ ਹੈ। ਤੁਸੀਂ ਇਸ ਨੂੰ ਥੋੜੇ ਸਮੇਂ ਲਈ ਦੇਖ ਸੱਕਦੇ ਹੋ, ਪਰ ਫ਼ੇਰ ਇਹ ਛੱਟ ਜਾਂਦੀ ਹੈ। 15 ਇਸ ਦੀ ਜਗ਼੍ਹਾ, ਤੁਹਾਨੂੰ ਆਖਣਾ ਚਾਹੀਦਾ ਹੈ, “ਜੇ ਪ੍ਰਭੂ ਨੇ ਚਾਹਿਆ, ਅਸੀਂ ਜੀਵਾਂਗੇ ਅਤੇ ਇਹ ਜਾਂ ਉਹ ਕਰਾਂਗੇ।” 16 ਪਰ ਹੁਣ ਤੁਸੀਂ ਘਮੰਡੀ ਹੋ ਅਤੇ ਗੁਨਾਹ ਕਰ ਰਹੇ ਹੋ। ਇਸ ਤਰ੍ਹਾਂ ਦੇ ਸਾਰੇ ਘਮੰਡ ਗਲਤ ਹਨ। 17 ਇਸ ਲਈ ਜਦੋਂ ਕੋਈ ਵਿਅਕਤੀ ਚੰਗਿਆਈ ਕਰਨੀ ਜਾਣਦਾ ਹੈ, ਪਰ ਅਜਿਹਾ ਨਹੀਂ ਕਰਦਾ ਤਾਂ ਉਹ ਪਾਪ ਕਰਦਾ ਹੈ।

Footnotes

  1. ਯਾਕੂਬ 4:5 “ਉਹ ਆਤਮਾ … ਚਾਹੁੰਦਾ ਹੈ” ਹੋਰ ਸੰਭਵ ਅਨੁਵਾਦ: “ਪਰਮੇਸ਼ੁਰ ਉਸ ਆਤਮਾ ਨੂੰ ਤੀਬਰਤਾ ਨਾਲ ਚਾਹੁੰਦਾ ਹੈ ਜਿਸ ਨੂੰ ਉਸ ਨੇ ਸਾਡੇ ਅੰਦਰ ਰਹਿਣ ਲਈ ਰੱਖਿਆ ਸੀ।” ਜਾਂ, “ਉਹ ਆਤਮਾ ਜਿਸ ਨੂੰ ਪਰਮੇਸ਼ੁਰ ਨੇ ਸਾਡੇ ਅੰਦਰ ਰਹਿਣ ਲਈ ਰੱਖਿਆ ਹੈ ਈਰਖਾਲੂ ਕਾਮਨਾਵਾਂ ਨਾਲ ਭਰਿਆ ਹੋਇਆ ਹੈ।” ਦੇਖੋ ਕੂਚ 20:5
  2. ਯਾਕੂਬ 4:6 ਹਵਾਲਾ: ਕਹਾਉਤਾਂ 3:34