Add parallel Print Page Options

24 “ਹੋ ਸੱਕਦਾ ਹੈ ਕੋਈ ਬੰਦਾ ਕਿਸੇ ਔਰਤ ਨਾਲ ਸ਼ਾਦੀ ਕਰੇ ਅਤੇ ਬਾਦ ਵਿੱਚ ਉਸ ਨੂੰ ਉਸ ਦੇ ਬਾਰੇ ਕਿਸੇ ਅਜਿਹੀ ਗੁਪਤ ਗੱਲ ਦਾ ਪਤਾ ਲੱਗੇ ਜਿਸ ਨੂੰ ਉਹ ਪਸੰਦ ਨਹੀਂ ਕਰਦਾ। ਜੇ ਉਹ ਬੰਦਾ ਉਸ ਨਾਲ ਪ੍ਰਸੰਨ ਨਹੀਂ ਹੈ ਤਾਂ ਉਸ ਨੂੰ ਤਲਾਕ ਦੇ ਕਾਗਜ਼ ਤਿਆਰ ਕਰਕੇ ਉਸ ਨੂੰ ਦੇਣੇ ਚਾਹੀਦੇ ਹਨ। ਫ਼ੇਰ ਉਸ ਨੂੰ ਆਪਣੇ ਘਰ ਤੋਂ ਬਾਹਰ ਭੇਜ ਦੇਣਾ ਚਾਹੀਦਾ ਹੈ। ਜਦੋਂ ਉਹ ਉਸਦਾ ਘਰ ਛੱਡ ਜਾਵੇ, ਉਹ ਜਾਕੇ ਕਿਸੇ ਹੋਰ ਆਦਮੀ ਦੀ ਪਤਨੀ ਬਣ ਸੱਕਦੀ ਹੈ। ਪਰ ਫ਼ਰਜ਼ ਕਰੋ, ਅਗਲਾ ਪਤੀ ਵੀ ਉਸ ਨੂੰ ਪਸੰਦ ਨਹੀਂ ਕਰਦਾ, ਉਸ ਨੂੰ ਤਲਾਕ ਦੇ ਕਾਗਜ਼ਾਤ ਤਿਆਰ ਕਰਕੇ ਉਸ ਨੂੰ ਦੇ ਦੇਣੇ ਚਾਹੀਦੇ ਹਨ। ਫ਼ੇਰ ਬੰਦੇ ਨੂੰ ਉਸ ਨੂੰ ਆਪਣੇ ਘਰੋਂ ਬਾਹਰ ਭੇਜ ਦੇਣਾ ਚਾਹੀਦਾ ਹੈ। ਜੇ ਉਹ ਆਦਮੀ ਉਸ ਨੂੰ ਤਲਾਕ ਦੇ ਦਿੰਦਾ, ਤਾਂ ਹੋ ਸੱਕਦਾ ਹੈ ਕਿ ਉਸਦਾ ਪਹਿਲਾ ਪਤੀ ਉਸ ਨੂੰ ਫ਼ਿਰ ਤੋਂ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਜਾਂ ਜੇ ਨਵਾਂ ਪਤੀ ਮਰ ਜਾਵੇ, ਤਾਂ ਹੋ ਸੱਕਦਾ ਹੈ ਕਿ ਪਹਿਲਾ ਪਤੀ ਉਸ ਨੂੰ ਦੋਬਾਰਾ ਆਪਣੀ ਪਤਨੀ ਵਜੋਂ ਸਵੀਕਾਰ ਨਾ ਕਰੇ। ਉਹ ਪਲੀਤ ਹੋ ਚੁੱਕੀ ਹੈ, ਅਤੇ ਜੇ ਉਸ ਨੇ ਉਸ ਨਾਲ ਫ਼ੇਰ ਵਿਆਹ ਕੀਤਾ, ਉਹ ਕੁਝ ਅਜਿਹਾ ਕਰ ਰਿਹਾ ਹੋਵੇਗਾ ਜਿਸ ਨੂੰ ਯਹੋਵਾਹ ਨਫ਼ਰਤ ਕਰਦਾ ਹੈ। ਤੁਹਾਨੂੰ ਉਸ ਧਰਤੀ ਨੂੰ ਪਾਪ ਦੀ ਦੋਸ਼ੀ ਨਹੀਂ ਬਨਾਉਣਾ ਚਾਹੀਦਾ, ਜਿਹੜੀ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇ ਰਿਹਾ ਹੈ।

“ਜਦੋਂ ਕਿਸੇ ਬੰਦੇ ਨੇ ਨਵਾਂ-ਨਵਾਂ ਵਿਆਹ ਕਰਵਾਇਆ ਹੋਵੇ ਤਾਂ ਉਸ ਨੂੰ ਫ਼ੌਜ ਵਿੱਚ ਨਹੀਂ ਭੇਜਣਾ ਚਾਹੀਦਾ। ਉਸ ਨੂੰ ਕੋਈ ਹੋਰ ਖਾਸ ਕੰਮ ਨਹੀਂ ਦੇਣਾ ਚਾਹੀਦਾ। ਇੱਕ ਸਾਲ ਤੱਕ ਉਸ ਨੂੰ ਆਜ਼ਾਦੀ ਨਾਲ ਘਰ ਰਹਿਣ ਦੇਣਾ ਚਾਹੀਦਾ ਹੈ ਅਤੇ ਨਵੀਂ ਵਿਆਹੀ ਪਤਨੀ ਨੂੰ ਪ੍ਰਸੰਨ ਕਰਨ ਦੇਣਾ ਚਾਹੀਦਾ ਹੈ।

“ਜਦੋਂ ਤੁਸੀਂ ਕਿਸੇ ਬੰਦੇ ਨੂੰ ਕਰਜ਼ਾ ਦਿਉ, ਤਾਂ ਤੁਹਾਨੂੰ ਉਸਦੀ ਆਟੇ ਦੀ ਚੱਕੀ ਦੇ ਕਿਸੇ ਹਿੱਸੇ ਨੂੰ ਜ਼ਮਾਨਤ ਵਜੋਂ ਨਹੀਂ ਰੱਖਣਾ ਚਾਹੀਦਾ। ਕਿਉਂਕਿ ਇਹ ਗੱਲ ਉਸ ਪਾਸੋਂ ਭੋਜਨ ਖੋਹਣ ਵਰਗੀ ਹੋਵੇਗੀ।

“ਜੇ ਕੋਈ ਬੰਦਾ ਕਿਸੇ ਦੂਸਰੇ ਇਸਰਾਏਲੀ ਨੂੰ ਅਗਵਾ ਕਰ ਲਵੇ-ਆਪਣੇ ਹੀ ਬੰਦਿਆਂ ਵਿੱਚੋਂ ਕਿਸੇ ਨੂੰ ਅਤੇ ਉਹ ਅਗਵਾਕਾਰ ਉਸ ਬੰਦੇ ਨੂੰ ਗੁਲਾਮ ਦੇ ਤੌਰ ਤੇ ਵੇਚ ਦੇਵੇ ਜੇ ਅਜਿਹਾ ਹੋਵੇ, ਤਾਂ ਉਸ ਅਗਵਾਕਾਰ ਨੂੰ ਜ਼ਰੂਰ ਮਾਰ ਦੇਣਾ ਚਾਹੀਦਾ ਹੈ। ਤੁਹਾਨੂੰ ਆਪਣੇ ਸਮੂਹ ਵਿੱਚੋਂ ਇਹ ਬਦੀ ਦੂਰ ਕਰ ਦੇਣੀ ਚਾਹੀਦੀ ਹੈ।

“ਜੇਕਰ ਤੁਹਾਨੂੰ ਕੋਈ ਭਿਆਨਕ ਚਮੜੀ ਦਾ ਰੋਗ ਹੈ, ਤੁਹਾਨੂੰ ਉਨ੍ਹਾਂ ਸਾਰੀਆਂ ਗੱਲਾਂ ਨੂੰ ਮੰਨਣ ਵਿੱਚ ਹੁਸ਼ਿਆਰ ਰਹਿਣਾ ਚਾਹੀਦਾ ਜਿਹੜੀਆਂ ਲੇਵੀ ਜਾਜਕ ਆਖਦੇ ਹਨ। ਉਹੀ ਕਰੋ ਜਿਸਦਾ ਮੈਂ ਉਨ੍ਹਾਂ ਨੂੰ ਹੁਕਮ ਦਿੱਤਾ ਹੈ। ਚੇਤੇ ਰੱਖੋ ਕਿ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਮਿਰਯਮ ਨਾਲ ਕੀ ਸਲੂਕ ਕੀਤਾ ਸੀ ਜਦੋਂ ਤੁਸੀਂ ਮਿਸਰ ਤੋਂ ਬਾਹਰ ਆਏ ਸੀ।

10 “ਜਦੋਂ ਤੁਸੀਂ ਕਿਸੇ ਬੰਦੇ ਨੂੰ ਕੁਝ ਉਧਾਰ ਦੇਵੋ, ਤੁਹਾਨੂੰ ਜ਼ਮਾਨਤ ਵਜੋਂ ਕੁਝ ਲੈਣ ਲਈ ਉਸ ਦੇ ਘਰ ਦੇ ਅੰਦਰ ਨਹੀਂ ਜਾਣਾ ਚਾਹੀਦਾ। 11 ਤੁਹਾਨੂੰ ਬਾਹਰ ਖਲੋਣਾ ਚਾਹੀਦਾ ਹੈ। ਫ਼ੇਰ ਉਹ ਬੰਦਾ ਜਿਸ ਨੂੰ ਤੁਸੀਂ ਕਰਜ਼ਾ ਦਿੱਤਾ ਹੈ ਤੁਹਾਡੇ ਲਈ ਜ਼ਮਾਨਤ ਲੈ ਕੇ ਬਾਹਰ ਆ ਜਾਵੇਗਾ। 12 ਜੇ ਉਹ ਗਰੀਬ ਆਦਮੀ ਹੈ, ਤਾਂ ਹੋ ਸੱਕਦਾ ਹੈ ਕਿ ਉਹ ਆਪਣੇ ਕੱਪੜੇ ਹੀ ਦੇ ਦੇਵੇ ਜਿਹੜੇ ਉਸ ਨੂੰ ਨਿਘ ਦਿੰਦੇ ਹਨ। ਤੁਹਾਨੂੰ ਚਾਹੀਦਾ ਹੈ ਕਿ ਉਸ ਜ਼ਮਾਨਤ ਨੂੰ ਰਾਤ ਵੇਲੇ ਨਹੀਂ ਰੱਖਣਾ। 13 ਤੁਹਾਨੂੰ ਉਹ ਜ਼ਮਾਨਤ, ਸ਼ਾਮ ਵੇਲੇ ਉਸ ਨੂੰ ਵਾਪਸ ਕਰ ਦੇਣੀ ਚਾਹੀਦੀ ਹੈ। ਫ਼ੇਰ ਉਸ ਕੋਲ ਪਹਿਨਣ ਲਈ ਕੱਪੜੇ ਹੋਣਗੇ। ਉਹ ਤੁਹਾਡਾ ਧੰਨਵਾਦ ਕਰੇਗਾ ਅਤੇ ਯਹੋਵਾਹ, ਤੁਹਾਡਾ ਪਰਮੇਸ਼ੁਰ, ਇਸ ਨੂੰ ਧਰਮੀ ਅਮਲ ਸਮਝੇਗਾ।

14 “ਤੁਹਾਨੂੰ ਕਿਸੇ ਗਰੀਬ ਅਤੇ ਲੋੜਵੰਦ ਨੌਕਰ ਨੂੰ ਉਸਦਾ ਭਾੜਾ ਦੇਣ ਤੋਂ ਇਨਕਾਰ ਨਹੀਂ ਕਰਨਾ ਚਾਹੀਦਾ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਉਹ ਕੋਈ ਇਸਰਾਏਲੀ ਹੈ ਜਾਂ ਤੁਹਾਡੇ ਸ਼ਹਿਰ ਵਿੱਚ ਰਹਿਣ ਵਾਲਾ ਕੋਈ ਵਿਦੇਸ਼ੀ। 15 ਉਸ ਨੂੰ ਹਰ ਰੋਜ਼ ਸੂਰਜ ਛੁਪਣ ਵੇਲੇ ਉਸਦੀ ਤਨਖਾਹ ਦਿਉ। ਕਿਉਂਕਿ ਉਹ ਗਰੀਬ ਹੈ ਅਤੇ ਉਸ ਪੈਸੇ ਉੱਤੇ ਨਿਰਭਰ ਕਰਦਾ ਹੈ। ਜੇ ਤੁਸੀਂ ਉਸ ਨੂੰ ਪੈਸੇ ਨਹੀਂ ਦਿੰਦੇ ਤਾਂ ਉਹ ਯਹੋਵਾਹ ਅੱਗੇ ਤੁਹਾਡੀ ਸ਼ਿਕਾਇਤ ਕਰੇਗਾ। ਅਤੇ ਤੁਸੀਂ ਗੁਨਾਹ ਦੇ ਭਾਗੀ ਹੋਵੋਂਗੇ।

16 “ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦ੍ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ ਅਤੇ ਬੱਚਿਆਂ ਨੂੰ ਉਨ੍ਹਾਂ ਦੇ ਮਾਪਿਆਂ ਦੁਆਰਾ ਕੀਤੀ ਕਿਸੇ ਗਲਤੀ ਕਾਰਣ ਸਜ਼ਾ ਨਹੀਂ ਦਿੱਤੀ ਜਾਣੀ ਚਾਹੀਦੀ। ਕਿਸੇ ਬੰਦੇ ਨੂੰ ਸਿਰਫ਼ ਉਸਦੀ ਮੰਦੀ ਕਰਨੀ ਕਾਰਣ ਹੀ ਮੌਤ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ।

17 “ਤੁਹਾਨੂੰ ਇਸ ਗੱਲ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਵਿਦੇਸ਼ੀਆਂ ਅਤੇ ਯਤੀਮਾਂ ਨਾਲ ਨਿਰਪੱਖ ਸਲੂਕ ਹੋਵੇ। ਅਤੇ ਤੁਹਾਨੂੰ ਕਿਸੇ ਵਿਧਵਾ ਕੋਲੋਂ ਕਦੇ ਵੀ ਕੱਪੜਿਆਂ ਦੀ ਜ਼ਮਾਨਤ ਨਹੀਂ ਰੱਖਣੀ ਚਾਹੀਦੀ। 18 ਯਾਦ ਰੱਖੋ, ਤੁਸੀਂ ਵੀ ਮਿਸਰ ਵਿੱਚ ਗਰੀਬ ਗੁਲਾਮ ਸੀ। ਅਤੇ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਉਸ ਥਾਂ ਤੋਂ ਕੱਢ ਕੇ ਆਜ਼ਾਦ ਕੀਤਾ ਸੀ। ਇਹੀ ਕਾਰਣ ਹੈ ਕਿ ਮੈਂ ਤੁਹਾਨੂੰ ਗਰੀਬਾਂ ਨਾਲ ਇਹ ਸਲੂਕ ਕਰਨ ਲਈ ਆਖਦਾ ਹਾਂ।

19 “ਹੋ ਸੱਕਦਾ ਹੈ ਤੁਸੀਂ ਆਪਣੇ ਖੇਤ ਦੀ ਫ਼ਸਲ ਇਕੱਠੀ ਕਰ ਰਹੇ ਹੋਵੋ ਅਤੇ ਤੁਸੀਂ ਭੁੱਲ ਭੁਲੇਖੇ ਉੱਥੇ ਕੁਝ ਅਨਾਜ ਛੱਡ ਆਵੋ। ਤੁਹਾਨੂੰ ਇਸ ਨੂੰ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। ਇਹ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹੋਵੇਗਾ। ਜੇ ਤੁਸੀਂ ਉਨ੍ਹਾਂ ਲਈ ਕੁਝ ਅਨਾਜ ਛੱਡ ਦਿਉਗੇ ਤਾਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਰ ਕੰਮ ਵਿੱਚ ਤੁਹਾਨੂੰ ਬਰਕਤ ਦੇਵੇਗਾ। 20 ਜਦੋਂ ਤੁਸੀਂ ਆਪਣੇ ਜ਼ੈਤੂਨ ਦੇ ਰੁੱਖਾਂ ਨੂੰ ਝਾੜੋ, ਤੁਹਾਨੂੰ ਟਹਿਣੀਆਂ ਦਾ ਨਿਰੀਖਣ ਕਰਨ ਲਈ ਵਾਪਸ ਨਹੀਂ ਜਾਣਾ ਚਾਹੀਦਾ। ਜਿਹੜੇ ਜ਼ੈਤੂਨ ਤੁਸੀਂ ਛੱਡ ਆਵੋਂਗੇ ਉਹ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹੋਵੇਗਾ। 21 ਜਦੋਂ ਤੁਸੀਂ ਆਪਣੀਆਂ ਅੰਗੂਰਾਂ ਦੀਆਂ ਵੇਲਾਂ ਤੋਂ ਅੰਗੂਰ ਇਕੱਠੇ ਕਰੋ, ਤੁਹਾਨੂੰ ਵੇਲਾਂ ਉੱਤੇ ਬਚੇ ਹੋਏ ਅੰਗੂਰ ਲੈਣ ਲਈ ਵਾਪਸ ਨਹੀਂ ਜਾਣਾ ਚਾਹੀਦਾ। ਉਹ ਅੰਗੂਰ ਵਿਦੇਸ਼ੀਆਂ, ਯਤੀਮਾਂ ਅਤੇ ਵਿਧਵਾਵਾਂ ਲਈ ਹਨ। 22 ਯਾਦ ਰੱਖੋ, ਤੁਸੀਂ ਮਿਸਰ ਵਿੱਚ ਗੁਲਾਮ ਸੀ। ਇਸੇ ਲਈ, ਮੈਂ ਤੁਹਾਨੂੰ ਗਰੀਬਾਂ ਨਾਲ ਇਹ ਸਲੂਕ ਕਰਨ ਲਈ ਆਖਦਾ ਹਾਂ।