Add parallel Print Page Options

ਤਿੰਨ ਮਹਿਮਾਨ

18 ਬਾਦ ਵਿੱਚ, ਯਹੋਵਾਹ ਨੇ ਫ਼ੇਰ ਅਬਰਾਹਾਮ ਨੂੰ ਦਰਸ਼ਨ ਦਿੱਤਾ। ਅਬਰਾਹਾਮ ਮਮਰੇ ਦੇ ਬਲੂਤ ਦੇ ਰੁੱਖਾਂ ਨੇੜੇ ਰਹਿ ਰਿਹਾ ਸੀ। ਇੱਕ ਦਿਨ, ਸਖ਼ਤ ਗਰਮੀ ਵੇਲੇ, ਅਬਰਾਹਾਮ ਆਪਣੇ ਤੰਬੂ ਦੇ ਦਰਵਾਜ਼ੇ ਉੱਤੇ ਬੈਠਾ ਹੋਇਆ ਸੀ। ਅਬਰਾਹਾਮ ਨੇ ਉੱਪਰ ਵੱਲ ਤੱਕਿਆ ਅਤੇ ਤਿੰਨ ਆਦਮੀਆਂ ਨੂੰ ਆਪਣੇ ਸਾਹਮਣੇ ਖਲੋਤਿਆਂ ਦੇਖਿਆ। ਜਦੋਂ ਉਸ ਨੇ ਉਨ੍ਹਾਂ ਨੂੰ ਦੇਖਿਆ, ਉਹ ਉਨ੍ਹਾਂ ਵੱਲ ਦੌੜਿਆ ਅਤੇ ਉਨ੍ਹਾਂ ਨੂੰ ਧਰਤੀ ਉੱਤੇ ਝੁਕ ਕੇ ਸਨਮਾਨ ਦਿੱਤਾ। ਅਬਰਾਹਾਮ ਨੇ ਆਖਿਆ, “ਸ਼੍ਰੀਮਾਨ ਜੀਓ, ਕੁਝ ਸਮਾਂ ਮੇਰੇ ਨਾਲ, ਆਪਣੇ ਨੌਕਰ, ਨਾਲ ਠਹਿਰੋ। ਮੈਂ ਤੁਹਾਡੇ ਚਰਨ ਧੋਣ ਲਈ ਕੁਝ ਪਾਣੀ ਲਿਆਉਂਦਾ ਹਾਂ। ਤੁਸੀਂ ਰੁੱਖਾਂ ਹੇਠਾਂ ਆਰਾਮ ਕਰ ਸੱਕਦੇ ਹੋਂ। ਮੈਂ ਤੁਹਾਡੇ ਲਈ ਕੁਝ ਭੋਜਨ ਲਿਆਉਂਦਾ ਹਾਂ ਅਤੇ ਤੁਸੀਂ ਰੱਜ ਕੇ ਛਕੋ। ਫ਼ੇਰ ਤੁਸੀਂ ਆਪਣਾ ਸਫ਼ਰ ਜਾਰੀ ਰੱਖ ਸੱਕਦੇ ਹੋਂ।”

ਤਿੰਨਾਂ ਆਦਮੀਆਂ ਨੇ ਆਖਿਆ, “ਚੰਗੀ ਗੱਲ ਹੈ। ਅਸੀਂ ਓਵੇਂ ਹੀ ਕਰਾਂਗੇ ਜਿਵੇਂ ਤੂੰ ਆਖਦਾ ਹੈਂ।”

ਅਬਰਾਹਾਮ ਭੱਜ ਕੇ ਤੰਬੂ ਵੱਲ ਗਿਆ। ਅਬਰਾਹਾਮ ਨੇ ਸਾਰਾਹ ਨੂੰ ਆਖਿਆ, “ਛੇਤੀ ਨਾਲ ਤਿੰਨ ਆਦਮੀਆਂ ਲਈ ਚੋਖਾ ਸਾਰਾ ਆਟਾ ਗੁੰਨ੍ਹ ਅਤੇ ਤਿੰਨ ਰੋਟੀਆਂ ਪਕਾ।” ਫ਼ੇਰ ਅਬਰਾਹਾਮ ਆਪਣੇ ਪਸ਼ੂਆਂ ਵੱਲ ਦੌੜਿਆ। ਅਬਰਾਹਾਮ ਨੇ ਆਪਣਾ ਸਭ ਤੋਂ ਚੰਗਾ ਵੱਛਾ ਲਿਆ। ਅਬਰਾਹਾਮ ਨੇ ਵੱਛਾ ਨੌਕਰ ਨੂੰ ਦੇ ਦਿੱਤਾ। ਅਬਰਾਹਾਮ ਨੇ ਨੌਕਰ ਨੂੰ ਆਖਿਆ ਕਿ ਛੇਤੀ ਨਾਲ ਵਛਾ ਜਿਬਾਹ ਕਰੇ ਅਤੇ ਇਸਦਾ ਭੋਜਨ ਤਿਆਰ ਕਰੇ। ਅਬਰਾਹਾਮ ਨੇ ਮਾਸ, ਦੁੱਧ ਅਤੇ ਮੱਖਣ ਲਿਆਂਦਾ ਅਤੇ ਇਨ੍ਹਾਂ ਨੂੰ ਤਿੰਨਾ ਆਦਮੀਆਂ ਅੱਗੇ ਧਰ ਦਿੱਤਾ। ਫ਼ੇਰ ਉਹ ਉਨ੍ਹਾਂ ਦੇ ਨੇੜੇ ਖਲੋ ਗਿਆ ਜਦੋਂ ਉਹ ਰੁੱਖ ਹੇਠਾਂ ਬੈਠੇ ਹੋਏ ਭੋਜਨ ਛਕ ਰਹੇ ਸਨ।

ਫ਼ੇਰ ਆਦਮੀਆਂ ਨੇ ਅਬਰਾਹਾਮ ਨੂੰ ਆਖਿਆ, “ਤੇਰੀ ਪਤਨੀ ਸਾਰਾਹ ਕਿੱਥੇ ਹੈ?”

ਅਬਰਾਹਾਮ ਨੇ ਆਖਿਆ, “ਉਹ ਤੰਬੂ ਵਿੱਚ ਹੈ।”

10 ਤਾਂ ਯਹੋਵਾਹ ਨੇ ਆਖਿਆ, “ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ। ਓਸ ਸਮੇਂ, ਤੇਰੀ ਪਤਨੀ ਸਾਰਾਹ ਇੱਕ ਪੁੱਤਰ ਨੂੰ ਜਨਮ ਦੇਵੇਗੀ।”

ਸਾਰਾਹ ਤੰਬੂ ਵਿੱਚ ਖਲੋਤੀ ਇਹ ਗੱਲਾਂ ਸੁਣ ਰਹੀ ਸੀ। 11 ਅਬਰਾਹਾਮ ਅਤੇ ਸਾਰਾਹ ਬਹੁਤ ਬਿਰਧ ਸਨ। ਸਾਰਾਹ ਬੱਚੇ ਜਣਨ ਦੀ ਉਮਰ ਟੱਪ ਚੁੱਕੀ ਸੀ। 12 ਇਸ ਲਈ ਸਾਰਾਹ ਨੇ ਜੋ ਸੁਣਿਆ ਸੀ ਉਸਤੇ ਵਿਸ਼ਵਾਸ ਨਹੀਂ ਕੀਤਾ। ਉਹ ਦਿਲ ਵਿੱਚ ਹੱਸੀ ਅਤੇ ਆਖਿਆ, “ਮੈਂ ਬੁੱਢੀ ਹਾਂ ਤੇ ਮੇਰਾ ਪਤੀ ਬੁੱਢਾ ਹੈ। ਮੈਂ ਇੰਨੀ ਬੁੱਢੀ ਹਾਂ ਕਿ ਬੱਚਾ ਨਹੀਂ ਜਣ ਸੱਕਦੀ।”

13 ਤਾਂ ਯਹੋਵਾਹ ਨੇ ਅਬਰਾਹਾਮ ਨੂੰ ਆਖਿਆ, “ਸਾਰਾਹ ਹਸੀ ਸੀ ਅਤੇ ਉਸ ਨੇ ਆਖਿਆ ਸੀ ਕਿ ਉਹ ਇੰਨੀ ਬੁੱਢੀ ਉਮਰੇ ਬੱਚਾ ਨਹੀਂ ਜਣ ਸੱਕਦੀ। 14 ਕੀ ਯਹੋਵਾਹ ਲਈ ਕੋਈ ਗੱਲ ਇੰਨੀ ਔਖੀ ਹੈ? ਨਹੀਂ! ਮੈਂ ਬਹਾਰ ਦੇ ਮੌਸਮ ਵਿੱਚ ਫ਼ੇਰ ਆਵਾਂਗਾ, ਜਦੋਂ ਮੈਂ ਆਖਿਆ ਹੈ ਤਾਂ ਆਵਾਂਗਾ। ਅਤੇ ਤੇਰੀ ਪਤਨੀ ਸਾਰਾਹ ਪੁੱਤਰ ਨੂੰ ਜਨਮ ਦੇਵੇਗੀ।”

15 ਪਰ ਸਾਰਾਹ ਨੇ ਆਖਿਆ, “ਮੈਂ ਨਹੀਂ ਹਸੀ!” (ਉਸ ਨੇ ਇਹ ਗੱਲ ਇਸ ਵਾਸਤੇ ਆਖੀ ਕਿਉਂਕਿ ਉਹ ਡਰ ਗਈ ਸੀ।)

ਪਰ ਯਹੋਵਾਹ ਨੇ ਆਖਿਆ, “ਨਹੀਂ! ਮੈਂ ਜਾਣਦਾ ਹਾਂ ਕਿ ਇਹ ਸੱਚ ਨਹੀਂ ਹੈ। ਤੂੰ ਜ਼ਰੂਰ ਹਸੀ ਸੀ।”

16 ਫ਼ੇਰ ਆਦਮੀ ਜਾਣ ਲਈ ਉੱਠ ਖਲੋਤੇ। ਉਨ੍ਹਾਂ ਨੇ ਸਦੂਮ ਵੱਲ ਦੇਖਿਆ ਅਤੇ ਉਸ ਦਿਸ਼ਾ ਵੱਲ ਸਫ਼ਰ ਕਰਨਾ ਆਰੰਭ ਕਰ ਦਿੱਤਾ। ਅਬਰਾਹਾਮ ਉਨ੍ਹਾਂ ਨੂੰ ਛੱਡਣ ਲਈ ਕੁਝ ਦੂਰ ਉਨ੍ਹਾਂ ਦੇ ਨਾਲ ਗਿਆ।

ਅਬਰਾਹਾਮ ਦਾ ਪਰਮੇਸ਼ੁਰ ਨਾਲ ਸੌਦਾ

17 ਯਹੋਵਾਹ ਨੇ ਮਨ ਵਿੱਚ ਆਖਿਆ, “ਕੀ ਮੈਨੂੰ ਅਬਰਾਹਾਮ ਨੂੰ ਉਹ ਗੱਲ ਦੱਸ ਦੇਣੀ ਚਾਹੀਦੀ ਹੈ ਜਿਹੜੀ ਮੈਂ ਹੁਣ ਕਰਾਂਗਾ? 18 ਅਬਰਾਹਾਮ ਇੱਕ ਮਹਾਨ ਤੇ ਸ਼ਕਤੀਸ਼ਾਲੀ ਕੌਮ ਬਣ ਜਾਵੇਗਾ। ਅਤੇ ਧਰਤੀ ਦੇ ਸਾਰੇ ਲੋਕਾਂ ਨੂੰ ਉਸ ਦੇ ਕਾਰਣ ਅਸੀਸ ਮਿਲੇਗੀ। 19 ਕਿਉਂਕਿ ਮੈਂ ਉਸ ਨੂੰ ਜਾਣਦਾ ਹਾਂ, ਇਸ ਲਈ ਮੈਂ ਅਬਰਾਹਾਮ ਨਾਲ ਇੱਕ ਖਾਸ ਇਕਰਾਰਨਾਮਾ ਕੀਤਾ ਹੈ ਤਾਂ ਜੋ ਉਹ ਆਪਣੇ ਬੱਚਿਆਂ ਅਤੇ ਆਪਣੇ ਉੱਤਰਾਧਿਕਾਰੀਆਂ ਨੂੰ ਯਹੋਵਾਹ ਦੀ ਰਜ਼ਾ ਅਨੁਸਾਰ ਜਿਉਣ ਦੀ ਹਿਦਾਇਤ ਦੇਵੇ ਅਤੇ ਉਹ ਸਹੀ ਢੰਗ ਨਾਲ ਜੀਵਨ ਜਿਉਣ ਅਤੇ ਨਿਆਂਪੂਰਣ ਹੋਣ। ਫ਼ੇਰ ਮੈਂ, ਯਹੋਵਾਹ, ਉਸ ਨੂੰ ਉਹ ਚੀਜ਼ਾਂ ਦੇ ਸੱਕਾਂਗਾ ਜਿਨ੍ਹਾਂ ਦਾ ਮੈਂ ਇਕਰਾਰ ਕੀਤਾ ਸੀ।”

20 ਫ਼ੇਰ ਯਹੋਵਾਹ ਨੇ ਆਖਿਆ, “ਮੈਂ ਬਹੁਤ ਵਾਰੀ ਸੁਣਿਆ ਹੈ ਕਿ ਸਦੂਮ ਅਤੇ ਅਮੂਰਾਹ ਦੇ ਲੋਕ ਬਹੁਤ ਮਾੜੇ ਹਨ। 21 ਇਸ ਲਈ ਮੈਂ ਜਾਕੇ ਦੇਖਾਂਗਾ ਕਿ ਕੀ ਹਾਲਾਤ ਇੰਨੇ ਹੀ ਮਾੜੇ ਹਨ ਜਿੰਨੇ ਮੈਂ ਸੁਣੇ ਹਨ। ਫੇਰ ਮੈਨੂੰ ਯਕੀਨ ਹੋ ਜਾਵੇਗਾ।”

22 ਇਸ ਤਰ੍ਹਾਂ ਆਦਮੀ ਮੁੜ ਪਏ ਅਤੇ ਸਦੂਮ ਵੱਲ ਤੁਰ ਪਏ। ਪਰ ਅਬਰਾਹਾਮ ਓੱਥੇ ਯਹੋਵਾਹ ਦੇ ਸਨਮੁੱਖ ਖਲੋਤਾ ਸੀ। 23 ਫ਼ੇਰ ਅਬਰਾਹਾਮ ਯਹੋਵਾਹ ਵੱਲ ਆਇਆ ਤੇ ਆਖਿਆ, “ਯਹੋਵਾਹ, ਕੀ ਤੂੰ ਬੁਰੇ ਲੋਕਾਂ ਦੇ ਨਾਲ ਨੇਕ ਬੰਦਿਆਂ ਨੂੰ ਵੀ ਤਬਾਹ ਕਰਨ ਦੀ ਸੋਚ ਰਿਹਾ ਹੈਂ? 24 ਜੇ ਉਸ ਸ਼ਹਿਰ ਵਿੱਚ 50 ਨੇਕ ਆਦਮੀ ਹੋਣ, ਤਾਂ ਕੀ ਹੋਵੇਗਾ? ਕੀ ਫ਼ੇਰ ਵੀ ਤੂੰ ਉਸ ਸ਼ਹਿਰ ਨੂੰ, ਉਨ੍ਹਾਂ 50 ਚੰਗੇ ਲੋਕਾਂ ਦੀ ਖਾਤਿਰ ਬਚਾਉਣ ਦੀ ਬਜਾਇ ਤਬਾਹ ਕਰ ਦੇਵੇਂਗਾ। 25 ਤੈਨੂੰ ਸ਼ਹਿਰ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਤੈਨੂੰ ਬੁਰੇ ਬੰਦਿਆਂ ਨੂੰ ਮਾਰਨ ਲਈ 50 ਨੇਕ ਬੰਦਿਆਂ ਨੂੰ ਤਬਾਹ ਨਹੀਂ ਕਰਨਾ ਚਾਹੀਦਾ। ਜੇ ਅਜਿਹਾ ਵਾਪਰੇਗਾ ਤਾਂ ਨੇਕ ਬੰਦੇ ਅਤੇ ਬਦ ਬੰਦੇ ਇੱਕੋ ਜਿਹੇ ਹੋਣਗੇ-ਉਨ੍ਹਾਂ ਦੋਹਾਂ ਨੂੰ ਸਜ਼ਾ ਮਿਲੇਗੀ। ਤੂੰ ਸਾਰੀ ਦੁਨੀਆਂ ਦਾ ਮੁਨਸਿਫ਼ ਹੈਂ। ਮੈਂ ਜਾਣਦਾ ਹਾਂ ਕਿ ਤੂੰ ਸਹੀ ਗੱਲ ਕਰੇਂਗਾ।”

26 ਫ਼ੇਰ ਯਹੋਵਾਹ ਨੇ ਆਖਿਆ, “ਜੇ ਮੈਨੂੰ ਸਦੂਮ ਦੇ ਸ਼ਹਿਰ ਵਿੱਚ 50 ਨੇਕ ਬੰਦੇ ਮਿਲ ਜਾਣਗੇ ਤਾਂ ਮੈਂ ਸਾਰੇ ਸ਼ਹਿਰ ਨੂੰ ਬਚਾ ਲਵਾਂਗਾ।”

27 ਤਾਂ ਅਬਰਾਹਾਮ ਨੇ ਆਖਿਆ, “ਤੇਰੇ ਸਾਹਮਣੇ ਤਾਂ ਯਹੋਵਾਹ ਮੈਂ ਸਿਰਫ਼ ਖਾਕ ਅਤੇ ਰਾਖ ਹਾਂ। ਪਰ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇਣਾ ਚਾਹੁੰਦਾ ਹਾਂ ਅਤੇ ਤੇਰੇ ਕੋਲੋਂ ਇਹ ਸਵਾਲ ਪੁੱਛਦਾ ਹਾਂ: 28 ਜੇ ਭਲਾ ਪੰਜ ਨੇਕ ਆਦਮੀ ਘੱਟ ਹੋਣ ਫ਼ੇਰ ਕੀ ਹੋਵੇਗਾ? ਜੇ ਉਸ ਸ਼ਹਿਰ ਵਿੱਚ ਸਿਰਫ਼ 45 ਨੇਕ ਆਦਮੀ ਹੋਏ, ਫ਼ੇਰ? ਕੀ ਤੂੰ ਸਿਰਫ਼ ਪੰਜ ਬੰਦਿਆਂ ਕਾਰਣ ਸਾਰੇ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”

ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 45 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”

29 ਅਬਰਾਹਾਮ ਫ਼ੇਰ ਬੋਲਿਆ। ਉਸ ਨੇ ਆਖਿਆ, “ਅਤੇ ਜੇ ਤੁਹਾਨੂੰ ਓੱਥੇ ਸਿਰਫ਼ 40 ਨੇਕ ਬੰਦੇ ਮਿਲੇ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”

ਯਹੋਵਾਹ ਨੇ ਆਖਿਆ, “ਜੇ ਮੈਨੂੰ 40 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”

30 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ। ਮੈਨੂੰ ਇਹ ਗਲ ਪੁੱਛਣ ਦੀ ਇਜਾਜ਼ਤ ਦੇ: ਜੇ ਤੁਹਾਨੂੰ ਸ਼ਹਿਰ ਵਿੱਚ 30 ਨੇਕ ਬੰਦੇ ਮਿਲ ਗਏ ਤਾਂ ਕੀ ਤੂੰ ਸ਼ਹਿਰ ਨੂੰ ਤਬਾਹ ਕਰ ਦੇਵੇਂਗਾ?”

ਯਹੋਵਾਹ ਨੇ ਆਖਿਆ, “ਜੇ ਮੈਨੂੰ 30 ਨੇਕ ਬੰਦੇ ਮਿਲ ਗਏ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”

31 ਫ਼ੇਰ ਅਬਰਾਹਾਮ ਨੇ ਆਖਿਆ, “ਕੀ ਮੈਂ ਤੈਨੂੰ ਇੱਕ ਵਾਰੀ ਫ਼ੇਰ ਖੇਚਲ ਦੇ ਸੱਕਦਾ ਹਾਂ ਤੇ ਪੁੱਛ ਸੱਕਦਾ ਹਾਂ ਕਿ ਜੇ ਓੱਥੇ 20 ਨੇਕ ਬੰਦੇ ਹੋਣਗੇ ਫ਼ੇਰ ਕੀ ਹੋਵੇਗਾ?”

ਯਹੋਵਾਹ ਨੇ ਜਵਾਬ ਦਿੱਤਾ, “ਜੇ ਮੈਨੂੰ 20 ਨੇਕ ਬੰਦੇ ਮਿਲਣਗੇ ਤਾਂ ਮੈਂ ਸ਼ਹਿਰ ਨੂੰ ਤਬਾਹ ਨਹੀਂ ਕਰਾਂਗਾ।”

32 ਫ਼ੇਰ ਅਬਰਾਹਾਮ ਨੇ ਆਖਿਆ, “ਯਹੋਵਾਹ, ਕਿਰਪਾ ਕਰਕੇ ਮੇਰੇ ਨਾਲ ਨਾਰਾਜ਼ ਨਾ ਹੋਣਾ ਪਰ ਮੈਂ ਤੈਨੂੰ ਇਹ ਆਖਰੀ ਵਾਰੀ ਖੇਚਲ ਦੇ ਰਿਹਾ ਹਾਂ। ਜੇ ਤੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਤੂੰ ਕੀ ਕਰੇਂਗਾ?”

ਯਹੋਵਾਹ ਨੇ ਆਖਿਆ, “ਜੇ ਮੈਨੂੰ ਓੱਥੇ 10 ਨੇਕ ਬੰਦੇ ਮਿਲ ਗਏ ਤਾਂ ਮੈਂ ਇਸ ਨੂੰ ਤਬਾਹ ਨਹੀਂ ਕਰਾਂਗਾ।”

33 ਯਹੋਵਾਹ ਨੇ ਅਬਰਾਹਾਮ ਨਾਲ ਗੱਲ ਮੁਕਾਈ, ਇਸ ਲਈ ਯਹੋਵਾਹ ਚੱਲਾ ਗਿਆ। ਅਤੇ ਅਬਰਾਹਾਮ ਆਪਣੇ ਘਰ ਵਾਪਸ ਚੱਲਾ ਗਿਆ।